ਕਨੇਡਾ ਜਾ ਰਹੇ ਮੁੰਡੇ ਕੁੜੀਆਂ ਨਾਲ ਹੋਈ ਮਾੜੀ- ਬਾਰਡਰ ਤੋਂ ਹੀ ਭੇਜੇ ਵਾਪਿਸ

ਕੈਨੇਡਾ ਤੋਂ ਭਾਰਤ ਦੀਆਂ ਉਡਾਣਾਂ ਬੰਦ ਹੋਣ ਦਾ ਸਭ ਤੋਂ ਵੱਧ ਖਮਿਆਜ਼ਾ ਵਿਦਿਆਰਥੀ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਇਹ ਉਡਾਣਾਂ ਅਪ੍ਰੈਲ ਤੋਂ ਬੰਦ ਹਨ। ਅਜੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਸਰਕਾਰ ਨੇ ਇਸ ਵਿੱਚ 7 ਸਤੰਬਰ ਤੱਕ ਦਾ ਵਾਧਾ ਕੀਤਾ ਹੈ। ਅਜੇ ਇਹ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਇਸ ਤੋਂ ਬਾਅਦ ਇਹ ਪਾਬੰਦੀ ਹਟਾ ਦਿੱਤੀ ਜਾਵੇਗੀ, ਕਿਉਂਕਿ ਇਕ ਪਾਸੇ ਤਾਂ ਕੋਰੋਨਾ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਦੂਜੇ ਪਾਸੇ ਕੈਨੇਡਾ ਵਿੱਚ ਚੋਣਾਂ ਹੋਣ ਕਾਰਨ ਇਮੀਗ੍ਰੇਸ਼ਨ ਵਿਭਾਗ ਜਾਂ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਫੁਰਸਤ ਹੀ ਨਹੀਂ।

ਕੌਮਾਂਤਰੀ ਵਿਦਿਆਰਥੀ ਵੱਡੀਆਂ ਰਕਮਾਂ ਖਰਚ ਕਰੀ ਬੈਠੇ ਹਨ। ਕੁਝ ਸਮਾਂ ਤਾਂ ਇਹ ਕੌਮਾਂਤਰੀ ਵਿਦਿਆਰਥੀ ਉਨ੍ਹਾਂ ਮੁਲਕਾਂ ਤੋਂ ਹੋ ਕੇ ਕੈਨੇਡਾ ਜਾਂਦੇ ਰਹੇ, ਜਿਨ੍ਹਾਂ ਵਿਚੋਂ ਉਡਾਣਾਂ ਜਾ ਰਹੀਆਂ ਸਨ। ਇਨ੍ਹਾਂ ਮੁਲਕਾਂ ਵਿੱਚ ਅਲਬਾਨੀਆ, ਸਰਬੀਆ, ਮੈਕਸੀਕੋ ਅਤੇ ਕੁਝ ਅਰਬ ਮੁਲਕਾਂ ਦੇ ਨਾਮ ਲਏ ਜਾ ਸਕਦੇ ਹਨ। ਇਸ ਸਮੇਂ ਮੈਕਸੀਕੋ ਵਿੱਚ ਬਹੁਤ ਜ਼ਿਆਦਾ ਸਖ਼ਤਾਈ ਵਰਤੀ ਜਾ ਰਹੀ ਹੈ। ਕੌਮਾਂਤਰੀ ਵਿਦਿਆਰਥੀਆਂ ਨੂੰ ਉਦੋਂ ਹੀ ਪਤਾ ਲਗਦਾ ਹੈ, ਜਦੋਂ ਅਧਿਕਾਰੀ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਦਾ ਵੀਜ਼ਾ ਰੱਦ ਹੋ ਚੁੱਕਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਲਗਪਗ 200 ਭਾਰਤੀ ਇੱਥੇ ਇਸੇ ਚੱਕਰ ਵਿੱਚ ਰੁਕੇ ਹੋਏ ਹਨ। ਜਿਨ੍ਹਾਂ ਵਿੱਚ ਵਿਦਿਆਰਥਣਾਂ ਵੀ ਸ਼ਾਮਲ ਹਨ। ਮੈਕਸੀਕੋ ਵਿਚ ਜਾਂਚ ਕੀਤੀ ਜਾਂਦੀ ਹੈ ਕਿ ਯਾਤਰੀਆਂ ਨੇ ਕੋਰੋਨਾ ਦਾ ਨਵੇਂ ਸਿਰੇ ਤੋਂ ਟੈਸਟ ਕਰਵਾਇਆ ਹੈ ਜਾਂ ਨਹੀਂ ਅਤੇ ਇਹ ਵੀ ਜਾਂਚ ਕੀਤੀ ਜਾਂਦੀ ਹੈ ਕਿ ਕੈਨੇਡਾ ਵਿਚ ਦਾਖਲ ਹੋਣ ਦੀਆਂ ਸ਼ਰਤਾਂ ਉੱਤੇ ਕੀ ਇਹ ਯਾਤਰੀ ਖਰੇ ਉਤਰਦੇ ਹਨ ਜਾਂ ਨਹੀਂ? ਜੇਕਰ ਅਧਿਕਾਰੀਆਂ ਨੂੰ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਯਾਤਰੀਆਂ ਨੂੰ ਜਹਾਜ਼ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਜਾਂਦੀ।

ਸੁਣਨ ਵਿੱਚ ਤਾਂ ਇਹ ਵੀ ਆ ਰਿਹਾ ਹੈ ਕਿ ਕੁਝ ਵਿਦਿਆਰਥੀ ਬੈਂਡ ਖ਼ਰੀਦ ਕੇ ਆਈਲਟਸ ਦੇ ਸਰਟੀਫਿਕੇਟ ਲਈ ਫਿਰਦੇ ਹਨ। ਜਦੋਂ ਇਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਦੀ ਸਮਝ ਨਹੀਂ ਆਉਂਦੀ ਤਾਂ ਇਨ੍ਹਾਂ ਤੇ ਧੋਖਾਧੜੀ ਦੇ ਮਾਮਲੇ ਵੀ ਦਰਜ ਕੀਤੇ ਜਾਂਦੇ ਹਨ। ਕਈ ਵਿਦਿਆਰਥੀਆਂ ਕੋਲ ਆਈਲਟਸ ਦੇ ਨਕਲੀ ਸਰਟੀਫਿਕੇਟ ਵੀ ਫੜੇ ਜਾਂਦੇ ਹਨ। ਹੁਣ ਬਹੁਤ ਹੀ ਬਰੀਕੀ ਨਾਲ ਦਸਤਾਵੇਜ਼ ਚੈੱਕ ਕੀਤੇ ਜਾਂਦੇ ਹਨ।

ਕਈ ਵਿਦਿਆਰਥੀਆਂ ਦੇ ਮੈਡੀਕਲ ਦੀ ਇਕ ਸਾਲ ਦੀ ਮਿਆਦ ਪੁੱਗ ਜਾਣ ਤੇ ਨਵਾਂ ਮੈਡੀਕਲ ਕਰਵਾ ਕੇ ਭੇਜਿਆ ਜਾਂਦਾ ਹੈ ਪਰ ਜੇਕਰ ਕਿਸੇ ਕਾਰਨ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਨੂੰ ਵੀਜ਼ਾ ਸਿਸਟਮ ਵਿਚ ਅਪਡੇਟ ਨਾ ਕੀਤਾ ਤਾਂ ਇਸ ਗਲਤੀ ਦੀ ਸਜ਼ਾ ਵੀ ਕੌਮਾਂਤਰੀ ਵਿਦਿਆਰਥੀਆਂ ਨੂੰ ਭੁਗਤਣੀ ਪੈਂਦੀ ਹੈ ਅਤੇ ਉਨ੍ਹਾਂ ਦਾ ਵੀਜ਼ਾ ਰੱਦ ਹੋ ਜਾਂਦਾ ਹੈ।

Leave a Reply

Your email address will not be published. Required fields are marked *