ਧਰਨੇ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਮਾਰੀ ਨਹਿਰ ਚ ਛਾਲ, ਪੁਲਿਸ ਨੂੰ ਪੈ ਗਈਆਂ ਭਾਜੜਾਂ

ਮੌਜੂਦਾ ਪੰਜਾਬ ਸਰਕਾਰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਹੋਂਦ ਵਿੱਚ ਤਾਂ ਆ ਗਈ ਪਰ ਜਿਸ ਤਰ੍ਹਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਸੜਕਾਂ ਤੇ ਧੱਕੇ ਖਾ ਰਹੇ ਹਨ, ਉਹ ਕਿਸੇ ਤੋਂ ਗੁੱਝਾ ਨਹੀਂ। ਬੇਰੁਜ਼ਗਾਰਾਂ ਦੁਆਰਾ ਥਾਂ ਥਾਂ ਤੇ ਧਰਨੇ ਲਗਾਏ ਜਾਂਦੇ ਹਨ। ਪ੍ਰਦਰਸ਼ਨ ਕੀਤੇ ਜਾਂਦੇ ਹਨ। ਨੌਕਰੀ ਮਿਲਣ ਦੀ ਬਜਾਏ ਪੁਲੀਸ ਦੀ ਡਾਂਗ ਫਿਰਦੀ ਹੈ। ਸ਼ਾਹੀ ਸ਼ਹਿਰ ਪਟਿਆਲਾ ਵਿਚ ਨਿਯੁਕਤੀ ਪੱਤਰਾਂ ਦੀ ਮੰਗ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਵਿਚੋਂ ਇਕ ਨੌਜਵਾਨ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ।

ਇਸ ਸਮੇਂ ਅਮਰਜੀਤ ਗੁਲਾੜੀ ਨਾਮ ਦੇ ਇਕ ਬੇਰੁਜ਼ਗਾਰ ਅਧਿਆਪਕ ਨੇ ਦੱਸਿਆ ਹੈ ਕਿ ਸਰਕਾਰ ਨੇ ਮਾਰਚ 2020 ਵਿੱਚ ਈਟੀਟੀ ਦੀ ਭਰਤੀ ਕੱਢੀ ਸੀ। ਉਨ੍ਹਾਂ ਨੇ ਪੇਪਰ ਦਿੱਤਾ ਅਤੇ ਦਸੰਬਰ ਵਿੱਚ ਉਨ੍ਹਾਂ ਦੀ ਸਕਰੂਟਿੰਗ ਹੋ ਗਈ। ਹੁਣ 8 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ 2364 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਸਕੂਲਾਂ ਵਿੱਚ ਅਧਿਆਪਕ ਨਹੀਂ ਹਨ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਪੇਪਰ ਪਾਸ ਕਰਨ ਤੋਂ ਪਹਿਲਾਂ ਉਹ ਪ੍ਰਾਈਵੇਟ ਅਦਾਰਿਆਂ ਵਿਚ ਪੜ੍ਹਾ ਰਹੇ ਸਨ, ਜਿਥੋਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਸਰਕਾਰ ਨੌਕਰੀ ਦੇ ਨਹੀਂ ਰਹੀ। ਇਸ ਅਧਿਆਪਕ ਦਾ ਕਹਿਣਾ ਹੈ ਕਿ ਇਸ ਸੂਚੀ ਵਿਚ 50 ਫ਼ੀਸਦੀ ਤੋਂ ਵੱਧ ਅਧਿਆਪਕ ਰਾਖਵੇਂ ਵਰਗ ਨਾਲ ਸਬੰਧਤ ਹਨ। ਇਕ ਤਰ੍ਹਾਂ ਨਾਲ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ।

ਜ਼ਿਲ੍ਹਾ ਪਟਿਆਲਾ ਦੇ ਬਿਕਰਮ ਸਿੰਘ ਦੇ ਦੱਸਣ ਮੁਤਾਬਕ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਉਨ੍ਹਾਂ ਨੂੰ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ। ਬੇਰੁਜ਼ਗਾਰ ਅਧਿਆਪਕ ਨਹਿਰ ਵਿੱਚ ਡਿੱਗ ਰਹੇ ਹਨ। ਬਿਕਰਮ ਸਿੰਘ ਨੇ ਇਸ ਨੂੰ ਸਰਕਾਰ ਦੀ ਨਲਾਇਕੀ ਦੱਸਿਆ ਹੈ। ਸਰਕਾਰ 8 ਮਹੀਨੇ ਤੋਂ ਮੀਟਿੰਗਾਂ ਦੇ ਨਾਮ ਤੇ ਉਨ੍ਹਾਂ ਨੂੰ ਮਿੱਠੀਆਂ ਗੋਲੀਆਂ ਦੇ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਨਿਯੁਕਤੀ ਪੱਤਰਾਂ ਦੀ ਮੰਗ ਕੀਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *