ਸੋਹਣੀ ਕੁੜੀ ਨਾਲ ਰਿਸ਼ਤਾ ਪੱਕਾ ਕਰਕੇ ਵਿਆਹ ਲਈ ਭੇਜਤੀ ਬੁੜੀ ਔਰਤ, ਲਾੜਾ ਪਹੁੰਚਿਆ ਥਾਣੇ

ਅੱਜਕੱਲ ਆਦਮੀ ਨੂੰ ਬਹੁਤ ਸੰਭਲ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ। ਪੈਰ ਪੈਰ ਤੇ ਧੋਖਾ ਹੁੰਦਾ ਹੈ। ਕਈ ਲੋਕ ਤਾਂ ਬੇਈਮਾਨੀ ਦੀ ਹੀ ਖੱਟੀ ਖਾਂਦੇ ਹਨ। ਉਨ੍ਹਾਂ ਨੂੰ ਕੋਈ ਨਾ ਕੋਈ ਸ਼ਿਕਾਰ ਟੱਕਰ ਹੀ ਜਾਂਦਾ ਹੈ। ਧੋਖੇ ਦਾ ਸ਼ਿਕਾਰ ਹੋਏ ਆਦਮੀ ਇਨਸਾਫ਼ ਲਈ ਭਟਕਣ ਵਾਸਤੇ ਮਜਬੂਰ ਹੋ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਜ਼ਿਲਾ ਇਟਾਵਾ ਅਧੀਨ ਥਾਣਾ ਸਿਵਲ ਲਾਈਨ ਹਲਕੇ ਵਿੱਚ ਪੈਂਦੇ ਵਿਜੇਪੁਰਾ ਦੇ ਰਹਿਣ ਵਾਲੇ ਸ਼ਤਰੂਘਨ ਸਿੰਘ ਨਾਮ ਦੇ ਨੌਜਵਾਨ ਨਾਲ ਇਕ ਅਜੀਬੋ ਗਰੀਬ ਘਟਨਾ ਵਾਪਰੀ ਹੈ।

ਉਸ ਨੂੰ 20 ਸਾਲ ਦੀ ਸੋਹਣੀ ਸੁਨੱਖੀ ਕੁੜੀ ਦਿਖਾ ਕੇ ਵਿਆਹ ਪੱਕਾ ਕਰ ਦਿੱਤਾ ਗਿਆ ਪਰ ਵਿਆਹ ਵਾਲੇ ਦਿਨ ਜਿਸ ਲਾੜੀ ਨੂੰ ਉਸ ਨੇ ਦੇਖਿਆ ਉਹ ਤਾਂ 50 ਸਾਲ ਦੀ ਔਰਤ ਸੀ। ਜਿਸ ਤੋਂ ਬਾਅਦ ਮਾਮਲਾ ਪੁਲੀਸ ਕੋਲ ਪਹੁੰਚ ਗਿਆ। ਐੱਸ ਪੀ ਸਿਟੀ ਨੇ ਇਸ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲੀਸ ਨੂੰ ਜਾਂਚ ਕਰਕੇ ਇਨਸਾਫ ਕਰਨ ਦੀ ਗੱਲ ਆਖੀ ਹੈ। ਮਿਲੀ ਜਾਣਕਾਰੀ ਮੁਤਾਬਕ 10 ਦਿਨ ਪਹਿਲਾਂ ਸ਼ਤਰੂਘਨ ਸਿੰਘ ਦੇ ਵਿਆਹ ਦੀ ਗੱਲ ਚੱਲੀ ਸੀ।

ਕਾਸ਼ ਕਾ ਨਗਲਾ ਦੇ ਇੱਕ ਪਰਿਵਾਰ ਨੇ ਉਸ ਨੂੰ 20 ਸਾਲ ਦੀ ਇਕ ਸੋਹਣੀ ਸੁਨੱਖੀ ਲੜਕੀ ਦਿਖਾਈ। ਜਿਸ ਤੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ। ਦੋਵੇਂ ਪਰਿਵਾਰਾਂ ਨੇ ਮਿਲ ਕੇ ਵਿਆਹ ਲਈ 27 ਅਗਸਤ ਦਾ ਦਿਨ ਨਿਸ਼ਚਿਤ ਕਰ ਲਿਆ। ਜਦੋਂ ਸ਼ਤਰੂਘਨ ਸਿੰਘ ਵਿਜੇਪੁਰਾ ਦੇ ਕਾਲੀ ਮਾਤਾ ਮੰਦਰ ਵਿੱਚ ਵਿਆਹ ਕਰਨ ਲਈ ਪਹੁੰਚਿਆ ਤਾਂ ਲਾੜੀ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ, ਕਿਉਂਕਿ ਇਹ ਉਹ ਕੁੜੀ ਨਹੀਂ ਸੀ, ਜੋ ਉਸ ਨੂੰ ਦਿਖਾਈ ਗਈ ਸੀ, ਸਗੋਂ ਇਹ ਤਾਂ 50 ਸਾਲ ਦੀ ਕੋਈ ਔਰਤ ਸੀ।

ਜਦੋਂ ਸ਼ਤਰੂਘਨ ਸਿੰਘ ਨੇ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਲੜਕੀ ਧਿਰ ਵਾਲੇ ਉਸ ਨੂੰ ਜਾਨ ਲੈਣ ਦੀਆਂ ਧਮਕੀਆਂ ਵੀ ਦੇਣ ਲੱਗੇ। ਸ਼ਤਰੂਘਨ ਸਿੰਘ ਦਾ ਦੋਸ਼ ਹੈ ਕਿ ਦੂਜੀ ਧਿਰ ਨੇ ਉਸ ਨੂੰ 35 ਹਜ਼ਾਰ ਰੁਪਏ ਵਿੱਚ ਚੂਨਾ ਲਾ ਦਿੱਤਾ ਹੈ। ਉਸ ਨੇ ਇਸ ਸਬੰਧ ਵਿਚ ਥਾਣਾ ਸਿਵਲ ਲਾਈਨ ਵਿੱਚ ਦਰਖਾਸਤ ਦਿੱਤੀ ਹੈ। ਸ਼ਤਰੂਘਨ ਸਿੰਘ ਅਤੇ ਉਸ ਦੀ ਮਾਂ ਇੰਦਰਾ ਦੇਵੀ ਇਨਸਾਫ਼ ਦੀ ਮੰਗ ਕਰ ਰਹੇ ਹਨ।

Leave a Reply

Your email address will not be published. Required fields are marked *