ਧੀ ਦੇ ਵਿਆਹ ਲਈ ਗਰੀਬ ਦੇ ਘਰ ਚ ਨਹੀਂ ਸੀ ਕੋਈ ਪੈਸੇ ਧੇਲਾ, ਫਰਿਸ਼ਤਾ ਬਣਕੇ ਆਇਆ ਪੁਲਿਸ ਵਾਲਾ

ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਇਕ ਏ ਐਸ ਆਈ ਦੁਆਰਾ ਇਕ ਵਿਅਕਤੀ ਨੂੰ ਮੀਡੀਆ ਦੇ ਸਾਹਮਣੇ ਚਪੇੜ ਜੜਨ ਅਤੇ ਮੰਦਾ ਬੋਲਣ ਦਾ ਮਾਮਲਾ ਸੋਸ਼ਲ ਮੀਡੀਆ ਤੇ ਬੇਹੱਦ ਚਰਚਿਤ ਰਿਹਾ ਹੈ। ਹੁਣ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਭਾਵੇਂ ਇਹ ਵੀਡੀਓ ਵੀ ਪੁਲੀਸ ਨਾਲ ਹੀ ਸਬੰਧਤ ਹੈ ਪਰ ਇਸ ਦਾ ਰੂਪ ਵੱਖਰਾ ਹੈ। ਇਹ ਦ੍ਰਿਸ਼ ਹੈ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦੂਰ ਮਹਿਤਾ ਨੇੜੇ ਪਿੰਡ ਗੱਗੜ ਭਾਣਾ ਦਾ। ਜਿੱਥੇ ਇੱਕ ਗ਼ਰੀਬ ਪਰਿਵਾਰ ਦੀ ਧੀ ਦਾ ਇਸ ਮਹੀਨੇ ਦੀ 16 ਤਰੀਕ ਨੂੰ ਵਿਆਹ ਹੈ। ਪਰਿਵਾਰ ਦੇ ਹਾਲਾਤ ਬਹੁਤ ਮੰਦੇ ਹਨ।

ਇਨ੍ਹਾਂ ਕੋਲ ਇਕ ਹੀ ਕਮਰਾ ਹੈ। ਜੋ ਸਿਰਫ਼ ਨਾਮ ਦਾ ਹੀ ਕਮਰਾ ਹੈ ਅਤੇ ਟੀਨਾਂ ਦੀ ਛੱਤ ਹੈ, ਜੋ ਚੋਅ ਰਹੀ ਹੈ। ਘਰ ਵਿੱਚ ਬਿਜਲੀ ਜਾਂ ਪਾਣੀ ਦਾ ਕੋਈ ਪ੍ਰਬੰਧ ਨਹੀਂ। ਕੋਈ ਫਲੱਸ਼ ਬਾਥਰੂਮ ਦੀ ਸਹੂਲਤ ਨਹੀਂ। ਜਦੋਂ ਇਸ ਮਾਮਲੇ ਦੀ ਜਾਣਕਾਰੀ ਪੰਜਾਬ ਪੁਲੀਸ ਦੇ ਏ ਐਸ ਆਈ ਦਲਜੀਤ ਸਿੰਘ ਨੂੰ ਮਿਲੀ ਤਾਂ ਉਹ ਲੜਕੀ ਦੇ ਵਿਆਹ ਲਈ ਕੁਝ ਸਾਮਾਨ ਲੈ ਕੇ ਪਰਿਵਾਰ ਕੋਲ ਪੁੱਜੇ। ਪੁਲੀਸ ਨੂੰ ਦੇਖ ਕੇ ਪਹਿਲਾਂ ਤਾਂ ਪਰਿਵਾਰ ਵਾਲੇ ਕੁਝ ਹੋਰ ਹੀ ਸਮਝ ਬੈਠੇ ਪਰ ਜਦੋਂ ਇਸ ਸਮਾਜ ਸੇਵਕ ਏ ਐਸ ਆਈ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਲੜਕੀ ਲਈ ਕੁਝ ਮੱਦਦ ਲੈ ਕੇ ਪਹੁੰਚੇ ਹਨ ਤਾਂ ਪਰਿਵਾਰ ਦੇ ਚਿਹਰੇ ਖਿੜ ਗਏ।

ਦਲਜੀਤ ਸਿੰਘ ਅਕਸਰ ਹੀ ਗ਼ਰੀਬ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਉਹ ਹੁਣ ਤੱਕ 40-42 ਲੜਕੀਆਂ ਦੇ ਕੰਨਿਆਦਾਨ ਕਰ ਚੁੱਕੇ ਹਨ। ਦਲਜੀਤ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਧੀ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਇਸ ਤੋਂ ਬਿਨਾਂ ਉਨ੍ਹਾਂ ਦੇ ਆਪਣੇ ਵਿਭਾਗ ਵੱਲੋਂ ਵੀ ਉਨ੍ਹਾਂ ਨੂੰ ਸਹਿਯੋਗ ਹਾਸਲ ਹੈ। ਜਿਸ ਕਰਕੇ ਉਹ ਸਮਾਜ ਸੇਵਾ ਦਾ ਇਹ ਕਾਰਜ ਕਰੀ ਜਾ ਰਹੇ ਹਨ।

ਉਹ ਆਪਣੀ ਸੇਵਾ ਮੁਕਤੀ ਤੋਂ ਬਾਅਦ ਵੀ ਸਮਾਜ ਸੇਵਾ ਦੇ ਇਸ ਕਾਰਜ ਨੂੰ ਜਾਰੀ ਰੱਖਣ ਦੇ ਚਾਹਵਾਨ ਹਨ। ਏ ਐਸ ਆਈ ਦਲਜੀਤ ਸਿੰਘ ਚਾਹੁੰਦੇ ਹਨ ਕਿ ਇਸ ਗ਼ਰੀਬ ਪਰਿਵਾਰ ਦਾ ਮਕਾਨ ਬਣ ਜਾਵੇ। ਬਿਜਲੀ ਅਤੇ ਪਾਣੀ ਦਾ ਪ੍ਰਬੰਧ ਹੋ ਜਾਵੇ। ਇਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਮਨ ਵਿੱਚ ਗ਼ਰੀਬ ਲੋਕਾਂ ਪ੍ਰਤੀ ਪਿਆਰ ਹੈ। ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਕਾਰਨ ਇਹ ਲੋਕ ਉਨ੍ਹਾਂ ਨੂੰ ਬਹੁਤ ਸਤਿਕਾਰ ਦਿੰਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *