ਚੰਨੀ ਸਰਕਾਰ ਦੇ ਮੰਤਰੀਆਂ ਬਾਰੇ ਆਈ ਵੱਡੀ ਖਬਰ, ਜਾਣੋ ਕਿਸ ਮੰਤਰੀ ਨੂੰ ਕਿਹੜਾ ਮਹਿਕਮਾ ਮਿਲਿਆ

ਕੈਪਟਨ ਅਮਰਿੰਦਰ ਸਿੰਘ ਦੁਆਰਾ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੀ ਵਾਗਡੋਰ ਕਾਂਗਰਸ ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿੱਤੀ। ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਰਹੇ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਹੈ ਅਤੇ 7 ਹੋਰ ਨਵੇਂ ਮੰਤਰੀਆਂ ਨੂੰ ਆਪਣੀ ਵਜ਼ਾਰਤ ਵਿੱਚ ਲਿਆ ਹੈ। ਉਨ੍ਹਾਂ ਨੇ ਪੁਰਾਣੇ ਅਤੇ ਨਵੇਂ ਸਾਰੇ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ।

ਮੁੱਖ ਮੰਤਰੀ ਨੇ ਵਿਜੀਲੈਂਸ ਵਿਭਾਗ, ਐਕਸਾਈਜ਼, ਸੈਰ ਸਪਾਟਾ ਅਤੇ ਕੁਝ ਹੋਰ ਵਿਭਾਗ ਆਪਣੇ ਕੋਲ ਰੱਖੇ ਹਨ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਵਿਭਾਗ, ਜੇਲ੍ਹ ਅਤੇ ਸਹਿਕਾਰਤਾ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੂਸਰੇ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਅਤੇ ਆਜ਼ਾਦੀ ਘੁਲਾਟੀਏ ਵਿਭਾਗ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਅਤੇ ਚੋਣ ਵਿਭਾਗ ਦਾ ਕੰਮਕਾਜ ਬ੍ਰਹਮ ਮਹਿੰਦਰਾ ਦੇਖਣਗੇ। ਵਿੱਤ ਵਿਭਾਗ ਦੇ ਨਾਲ ਨਾਲ ਟੈਕਸੇਸ਼ਨ ਅਤੇ ਯੋਜਨਾ ਵਿਭਾਗ ਦੀ ਜ਼ਿੰਮੇਵਾਰੀ ਮਨਪ੍ਰੀਤ ਸਿੰਘ ਬਾਦਲ ਦੇ ਹਿੱਸੇ ਆਈ ਹੈ।

ਪੇਂਡੂ ਵਿਕਾਸ ਅਤੇ ਪੰਚਾਇਤ ਦਾ ਮਹਿਕਮਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਦਿੱਤਾ ਗਿਆ ਹੈ। ਰੈਵੇਨਿਊ ਅਤੇ ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਦੀ ਦੇਖ ਰੇਖ ਅਰੁਣਾ ਚੌਧਰੀ ਦੁਆਰਾ ਕੀਤੀ ਜਾਵੇਗੀ। ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਹਿੱਸੇ ਪਾਣੀ ਸਰੋਤ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਆਇਆ ਹੈ। ਰਾਣਾ ਗੁਰਜੀਤ ਸਿੰਘ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀ ਟ੍ਰੇਨਿੰਗ ਵਿਭਾਗ ਦੇ ਮੰਤਰੀ ਹੋਣਗੇ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮਹਿਕਮਾ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰਜ਼ੀਆ ਸੁਲਤਾਨਾ ਨੂੰ ਦਿੱਤੇ ਗਏ ਹਨ।

ਲੋਕ ਨਿਰਮਾਣ ਅਤੇ ਪ੍ਰਸ਼ਾਸਕੀ ਸੁਧਾਰ ਮਹਿਕਮੇ ਦੀ ਨਿਗਰਾਨੀ ਵਿਜੇਇੰਦਰ ਸਿੰਗਲਾ ਦੁਆਰਾ ਕੀਤੀ ਜਾਵੇਗੀ। ਭਾਰਤ ਭੂਸ਼ਣ ਆਸ਼ੂ ਨੂੰ ਫੂਡ, ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਵਿਭਾਗ ਦਿੱਤਾ ਗਿਆ ਹੈ। ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਰਣਦੀਪ ਸਿੰਘ ਨਾਭਾ ਨੂੰ ਖੇਤੀ ਅਤੇ ਕਿਸਾਨ ਵੈਲਫੇਅਰ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤਰ੍ਹਾਂ ਹੀ ਰਾਜ ਕੁਮਾਰ ਵੇਰਕਾ ਸਮਾਜਿਕ ਨਿਆਂ, ਨਵੀਂ ਊਰਜਾ ਸਰੋਤ ਅਤੇ ਮੈਡੀਕਲ ਸਿੱਖਿਆ ਅਤੇ ਰਿਸਰਚ ਵਿਭਾਗ ਦੇ ਮੰਤਰੀ ਹੋਣਗੇ।

ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ, ਵਾਈਲਡ ਲਾਈਫ ਅਤੇ ਲੇਬਰ ਵਿਭਾਗ ਦਿੱਤਾ ਗਿਆ ਹੈ। ਪਰਗਟ ਸਿੰਘ ਕੋਲ ਸਕੂਲ ਸਿੱਖਿਆ, ਹਾਇਰ, ਖੇਡ ਅਤੇ ਐੱਨ ਆਰ ਆਈ ਅਫੇਅਰ ਵਿਭਾਗ ਆਇਆ ਹੈ। ਟਰਾਂਸਪੋਰਟ ਵਿਭਾਗ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਤੇ ਗੁਰਕੀਰਤ ਸਿੰਘ ਕੋਟਲੀ ਨੂੰ ਇੰਡਸਟਰੀ ਅਤੇ ਕਾਮਰਸ, ਇਨਫਰਮੇਸ਼ਨ ਤਕਨਾਲੋਜੀ ਅਤੇ ਸਾਇੰਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Leave a Reply

Your email address will not be published. Required fields are marked *