CM ਚੰਨੀ ਨੇ ਪੁੱਤ ਦੇ ਵਿਆਹ ਚ ਵੀ ਦਿਖਾਈ ਸਾਦਗੀ, ਜਮੀਨ ਤੇ ਬੈਠ ਸਟੀਲ ਦੀ ਥਾਲੀ ਚ ਛਕਿਆ ਲੰਗਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦਾ ਵਿਆਹ ਇਕ ਮਿਸਾਲ ਬਣ ਗਿਆ। ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਆਪਣੇ ਪੁੱਤਰ ਦਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਕੀਤਾ। ਹਰ ਕੋਈ ਇਸ ਵਿਆਹ ਦੀ ਸਿਫ਼ਤ ਕਰ ਰਿਹਾ ਹੈ। ਕਿਸੇ ਪੈਲੇਸ ਦੀ ਬਜਾਇ ਮੋਹਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਕੀਤਾ ਗਿਆ। ਜਿੱਥੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਵਿਆਹ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਮੁੱਖ ਮੰਤਰੀ ਨੇ ਨਵੀਂ ਵਿਆਹੀ ਜੋੜੀ ਅਤੇ ਪਰਿਵਾਰ ਸਮੇਤ ਜ਼ਮੀਨ ਤੇ ਬੈਠ ਕੇ ਗੁਰੂ ਕਾ ਲੰਗਰ ਛਕਿਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਲੰਗਰ ਛਕ ਰਹੀ ਸੰਗਤ ਵਿੱਚ ਬੈਠੇ ਦੇਖੇ ਗਏ। ਆਨੰਦ ਕਾਰਜ ਦੀ ਰਸਮ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਕੀਤੀ। ਉਹ ਇਸ ਵਿਆਹ ਸਮਾਗਮ ਤੋਂ ਬਹੁਤ ਪ੍ਰਭਾਵਿਤ ਹੋਏ। ਜਿਸ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਭਾਸ਼ਣ ਵਿੱਚ ਵੀ ਕੀਤਾ। ਗਿਆਨੀ ਹਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਇਸ ਵਿਆਹ ਵਿੱਚ ਜਿੱਥੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਸ਼ਾਮਲ ਹੋਏ ਹਨ

ਉੱਥੇ ਹੀ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਵਿਆਹ ਤਾਂ ਗੁਰੂ ਘਰ ਵਿੱਚ ਹੀ ਹੁੰਦਾ ਹੈ। ਪੈਲੇਸਾਂ ਵਿੱਚ ਖਾਣ ਪੀਣ ਹੁੰਦਾ ਹੈ। ਇਸ ਲਈ ਕਹਿ ਸਕਦੇ ਹਾਂ ਕਿ ਇਸ ਵਿਆਹ ਵਿੱਚ ਇਹ ਸਾਰੀ ਸੰਗਤ ਸ਼ਾਮਲ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਵਧੀਆ ਪ੍ਰਬੰਧ ਹੈ ਅਤੇ ਮਰਿਯਾਦਾ ਮੁਤਾਬਕ ਹੈ। ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਵਿਆਹ ਵਿੱਚ ਬੁਲਾਏ ਗਏ ਬੰਦਿਆਂ ਵਿੱਚੋਂ ਕੁਝ ਗਿਣਤੀ ਦੇ ਵਿਅਕਤੀ ਹੀ ਅਨੰਦ ਕਾਰਜਾਂ ਦੀ ਰਸਮ ਵਿੱਚ ਸ਼ਾਮਲ ਹੁੰਦੇ ਹਨ।

ਬਾਕੀ ਵਿਅਕਤੀ ਤਾਂ ਪੈਲੇਸ ਵਿੱਚ ਹੀ ਰਹਿ ਜਾਂਦੇ ਹਨ। ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਰਾਜਨੀਤਕ ਲੋਕ ਪਹੁੰਚੇ ਹੋਏ ਸਨ। ਮੁੱਖ ਮੰਤਰੀ ਦੇ ਬੇਟੇ ਦਾ ਜਿਸ ਤਰ੍ਹਾਂ ਸਾਦੇ ਢੰਗ ਨਾਲ ਇਹ ਵਿਆਹ ਹੋਇਆ ਹੈ, ਇਹ ਇਕ ਉਦਾਹਰਣ ਬਣ ਗਿਆ ਹੈ। ਇਸ ਤੋਂ ਹੋਰ ਲੋਕਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਫ਼ਜ਼ੂਲ ਖ਼ਰਚੀ ਤੋਂ ਬਚਣਾ ਚਾਹੀਦਾ ਹੈ।

Leave a Reply

Your email address will not be published. Required fields are marked *