ਦੀਵਾਲੀ ਤੋਂ ਪਹਿਲਾਂ ਵੱਡਾ ਝਟਕਾ, ਗੈਸ ਸਿਲੰਡਰ 265 ਰੁਪਏ ਮਹਿੰਗਾ

ਇੱਕ ਪਾਸੇ ਤਾਂ ਤਿਉਹਾਰਾਂ ਕਾਰਨ ਖ਼ਰਚਾ ਛਿੜਿਆ ਹੋਇਆ ਹੈ। ਦੂਜੇ ਪਾਸੇ ਮਹਿੰਗਾਈ ਚੈਨ ਨਹੀਂ ਲੈਣ ਦਿੰਦੀ। ਡੀਜ਼ਲ ਪੈਟਰੋਲ ਦੇ ਰੇਟ ਤਾਂ ਲਗਪਗ ਹਰ ਰੋਜ਼ ਹੀ ਵਧ ਰਹੇ ਹਨ। ਅਕਤੂਬਰ ਮਹੀਨੇ ਦੇ 31 ਦਿਨਾਂ ਵਿੱਚ 25 ਵਾਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। 6 ਅਕਤੂਬਰ ਨੂੰ 14.2 ਕਿਲੋਗ੍ਰਾਮ ਵਜ਼ਨ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਸੀ। ਹੁਣ ਪੈਟਰੋਲੀਅਮ ਕੰਪਨੀਆਂ ਨੇ 19.2 ਕਿਲੋਗ੍ਰਾਮ ਵਜ਼ਨ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕਰਕੇ ਵਪਾਰੀਆਂ ਨੂੰ ਦੀਵਾਲੀ ਦਾ ਤੋਹਫਾ ਦੇ ਦਿੱਤਾ ਹੈ।

ਪੈਟਰੋਲੀਅਮ ਕੰਪਨੀਆਂ ਨੇ 1 ਨਵੰਬਰ ਤੋਂ 19.2 ਕਿਲੋਗ੍ਰਾਮ ਵਜ਼ਨ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 264 ਰੁਪਏ ਵਧਾ ਦਿੱਤੀ ਹੈ। ਜੇਕਰ ਮੁਲਕ ਦੇ ਚਾਰ ਮਹਾਨਗਰਾਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 264 ਰੁਪਏ ਦੇ ਵਾਧੇ ਨਾਲ 2000 ਰੁਪਏ ਤੇ ਪਹੁੰਚ ਗਈ ਹੈ। ਮੁੰਬਈ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਹੁਣ 1950 ਰੁਪਏ ਦਾ ਹੋ ਗਿਆ ਹੈ, ਜੋ ਪਹਿਲਾਂ 1683 ਰੁਪਏ ਵਿੱਚ ਮਿਲ ਜਾਂਦਾ ਸੀ।

ਇਸ ਤਰ੍ਹਾਂ ਹੀ ਕੋਲਕਾਤਾ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2073.50 ਰੁਪਏ ਹੋ ਗਈ ਹੈ, ਜਦਕਿ ਇਹੀ ਸਿਲੰਡਰ ਚੇਨੱਈ ਵਿੱਚ 2133 ਰੁਪਏ ਦਾ ਹੋ ਗਿਆ ਹੈ। ਬੇਸ਼ੱਕ ਇਹ ਸਿਲੰਡਰ ਘਰਾਂ ਵਾਸਤੇ ਨਹੀਂ ਖ਼ਰੀਦਿਆ ਜਾਣਾ ਪਰ ਇਸ ਦਾ ਸਿੱਧੇ ਤੌਰ ਤੇ ਅਸਰ ਆਮ ਜਨਤਾ ਤੇ ਹੀ ਪੈਣਾ ਹੈ, ਕਿਉਂਕਿ ਵਪਾਰੀਆਂ ਨੇ ਆਪਣੇ ਉਤਪਾਦਨ ਦਾ ਰੇਟ ਵਧਾ ਦੇਣਾ ਹੈ।

Leave a Reply

Your email address will not be published. Required fields are marked *