ਥਾਣੇ ਅੰਦਰ ਖੜੀ ਸਰਕਾਰੀ ਬੱਸ ਦਾ ਕੱਢਿਆ ਤੇਲ, ਸ਼ੀਸ਼ੇ ਤੋੜਕੇ ਕੱਢਿਆ ਸਮਾਨ, ਸਾਬਣ ਵੀ ਨਹੀਂ ਛੱਡਿਆ

ਪੀ.ਆਰ.ਟੀ.ਸੀ ਦੀ ਇੱਕ ਬੱਸ ਵਿੱਚੋਂ ਚੋਰੀ ਹੋਣ ਦਾ ਮਾਮਲਾ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ। ਇਹ ਬੱਸ ਤਰਨਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਦੀ ਨਿਗਰਾਨੀ ਵਿਚ ਫੜੀ ਹੋਈ ਸੀ। 8 ਤਰੀਕ ਨੂੰ ਇਕ ਟਰੈਕਟਰ ਟਰਾਲੀ ਨਾਲ ਇਕ ਮੋਟਰਸਾਈਕਲ ਦੀ ਟੱਕਰ ਹੋ ਗਈ ਸੀ। ਜਿਸ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਗੁਰਦੇਵ ਸਿੰਘ ਦੇ ਸੱਟਾਂ ਲੱਗੀਆਂ ਸਨ। ਮੋਟਰਸਾਈਕਲ ਤੇ ਇਕ ਲੜਕੀ ਵੀ ਸਵਾਰ ਸੀ।

ਮੋਟਰਸਾਈਕਲ ਦੇ ਪਿੱਛੇ ਪੀ.ਆਰ.ਟੀ.ਸੀ ਦੀ ਬੱਸ ਵੀ ਸੀ। ਜਿਸ ਕਰ ਕੇ ਮਾਮਲੇ ਵਿੱਚ 3 ਧਿਰਾਂ ਆ ਗਈਆਂ। ਇਸ ਤੋਂ ਬਾਅਦ 10 ਤਰੀਕ ਨੂੰ ਟਰੈਕਟਰ ਚਾਲਕ ਅਤੇ ਮੋਟਰਸਾਈਕਲ ਚਾਲਕ ਵਿਚਕਾਰ ਸਮਝੌਤਾ ਹੋ ਗਿਆ। ਜਦੋਂ ਬੱਸ ਚਾਲਕ ਦਵਿੰਦਰ ਸਿੰਘ ਵਾਸੀ ਮਾਨੋਚਾਹਲ ਥਾਣੇ ਵਿੱਚੋਂ ਬੱਸ ਲੈਣ ਲਈ ਗਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਬੱਸ ਵਿੱਚੋਂ ਲਗਪਗ 180 ਲਿਟਰ ਡੀਜ਼ਲ ਗਾਇਬ ਸੀ। ਬੱਸ ਵਿਚ ਪਏ 2 ਕੰਬਲ, ਪਾਣੀ ਦਾ ਰੈਬਰ, ਡੈੱਕ ਅਤੇ ਇੱਥੋਂ ਤੱਕ ਕਿ ਸਾਬਣ ਦੀ ਟਿੱਕੀ ਵੀ ਗਾਇਬ ਸੀ।

ਬੱਸ ਚਾਲਕ ਦੁਆਰਾ ਆਪਣੇ ਸਾਮਾਨ ਦੀ ਭਰਪਾਈ ਦੀ ਮੰਗ ਕੀਤੀ ਜਾ ਰਹੀ ਹੈ। ਬੱਸ ਚਾਲਕ ਦੀ ਦਲੀਲ ਹੈ ਕਿ ਬੱਸ ਪੁਲੀਸ ਦੀ ਨਿਗਰਾਨੀ ਵਿੱਚ ਸੀ। ਬੱਸ ਵਿਚ ਪਏ ਸਾਮਾਨ ਅਤੇ ਡੀਜ਼ਲ ਦੀ ਰਾਖੀ ਕਰਨਾ ਵੀ ਪੁਲਿਸ ਦਾ ਫ਼ਰਜ਼ ਸੀ। ਇਸ ਲਈ ਬੱਸ ਚਾਲਕ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਬੱਸ ਚਾਲਕ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ।

ਪੀ.ਆਰ.ਟੀ.ਸੀ ਦੀ ਇਹ ਬੱਸ ਕਪੂਰਥਲਾ ਡੀਪੂ ਦੀ ਦੱਸੀ ਜਾ ਰਹੀ ਹੈ। ਬੱਸ ਚਾਲਕ ਵੱਲੋਂ ਖੁਦ ਨੂੰ ਬੇਕਸੂਰ ਦੱਸਿਆ ਜਾ ਰਿਹਾ ਹੈ। ਬੱਸ ਚਾਲਕ ਨੂੰ ਸ਼ਿਕਵਾ ਹੈ ਕਿ ਜਦੋਂ ਬੱਸ ਪੁਲਿਸ ਦੀ ਨਿਗਰਾਨੀ ਵਿਚ ਸੌਂਪੀ ਸੀ ਤਾਂ ਉਨ੍ਹਾਂ ਨੇ ਬੱਸ ਨੂੰ ਲਾਕ ਕੀਤਾ ਸੀ ਪਰ ਬੱਸ ਦੀਆਂ ਤਾਕੀਆਂ ਖੁੱਲ੍ਹੀਆਂ ਮਿਲੀਆਂ ਹਨ। ਸੀਨੀਅਰ ਪੁਲਿਸ ਅਫਸਰ ਵੱਲੋਂ ਇਸ ਮਾਮਲੇ ਸਬੰਧੀ ਅਣਜਾਣਤਾ ਪ੍ਰਗਟਾਈ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *