73 ਸਾਲ ਬਾਅਦ ਗੁਰੂਘਰ ਚ ਮਿਲੇ ਪੱਕੇ ਆੜੀ, ਇਕ ਦੂਜੇ ਨੂੰ ਜੱਫੀ ਪਾ ਕੇ ਹੋਏ ਭਾਵੁਕ

ਅਸੀਂ ਪੁਰਾਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਹੋਏ ਸੁਣਦੇ ਹਾਂ ਕਿ ਖੂਹ ਨੂੰ ਖੂਹ ਨਹੀਂ ਮਿਲਦਾ। ਬੰਦੇ ਨੂੰ ਬੰਦਾ ਤਾਂ ਮਿਲ ਹੀ ਜਾਂਦਾ ਹੈ। ਇਹ ਕਹਾਵਤ ਉਸ ਸਮੇਂ ਸੱਚੀ ਹੋ ਗਈ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਣ ਕਾਰਨ 2 ਦੋਸਤ ਸਰਦਾਰ ਗੋਪਾਲ ਸਿੰਘ ਅਤੇ ਬਸ਼ੀਰ ਮੁਹੰਮਦ ਆਪਸ ਵਿੱਚ ਲਗਭਗ 73 ਸਾਲ ਬਾਅਦ ਮਿਲੇ। ਇਸ ਸਮੇਂ ਗੋਪਾਲ ਸਿੰਘ ਦੀ ਉਮਰ 94 ਸਾਲ ਅਤੇ ਬਸ਼ੀਰ ਮੁਹੰਮਦ ਦੀ ਉਮਰ 91 ਸਾਲ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਣ ਕਾਰਨ ਦੋਵੇਂ ਦੋਸਤਾਂ ਨੂੰ ਜ਼ਿੰਦਗੀ ਵਿੱਚ ਦੁਬਾਰਾ ਮਿਲਣ ਦਾ ਮੌਕਾ ਮਿਲਿਆ।

ਬਸ਼ੀਰ ਮੁਹੰਮਦ ਪਾਕਿਸਤਾਨ ਦੇ ਨਾਰੋਵਾਲ ਵਿੱਚ ਰਹਿੰਦੇ ਹਨ। ਉਹ ਵੀ ਗੁਰੂ ਘਰ ਆਏ ਸਨ। ਇੱਥੇ ਇਕੱਠੇ ਹੋਏ ਦੋਵੇਂ ਦੋਸਤਾਂ ਨੇ ਮਾਮੂਲੀ ਗੱਲਬਾਤ ਤੋਂ ਬਾਅਦ ਇੱਕ ਦੂਜੇ ਨੂੰ ਪਛਾਣ ਲਿਆ। ਦੋਵੇਂ ਹੀ ਇਕ ਦੂਜੇ ਨੂੰ ਬਹੁਤ ਭਾਵੁਕ ਹੋ ਕੇ ਮਿਲੇ। ਜਦੋਂ ਇਨ੍ਹਾਂ ਨੇ ਆਪਸ ਵਿੱਚ ਗਲਵੱਕੜੀ ਪਾਈ ਤਾਂ ਉਥੇ ਹਾਜ਼ਰ ਹੋਰ ਲੋਕਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਇਨ੍ਹਾਂ ਦੀ ਮਿਲਣੀ ਤੇ ਉੱਥੇ ਹਾਜ਼ਰ ਲੋਕ ਖੁਸ਼ ਵੀ ਹੋਏ। ਜਦੋਂ ਪਾਕਿਸਤਾਨ ਬਣਿਆ ਤਾਂ ਦੋਵੇਂ ਦੋਸਤ ਜਵਾਨ ਸਨ।

ਦੋਵਾਂ ਨੇ ਹੀ ਜਵਾਨੀ ਅਤੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਦੋਵਾਂ ਨੇ ਇਕੱਠੇ ਖਾਣਾ ਖਾਧਾ ਅਤੇ ਚਾਹ ਪੀਤੀ। ਉਹ ਢੇਰ ਸਾਰੀਆਂ ਗੱਲਾਂ ਕਰਦੇ ਰਹੇ। ਦੋਵੇਂ ਦੋਸਤਾਂ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਦੇ ਉਪਰਾਲੇ ਨੇ ਉਨ੍ਹਾਂ ਨੂੰ ਆਪਸ ਵਿੱਚ ਮਿਲਣ ਦਾ ਮੌਕਾ ਦਿੱਤਾ। ਦੋਵੇਂ ਦੋਸਤ ਪਹਿਲਾਂ ਵੀ ਇਕੱਠੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਜਾਇਆ ਕਰਦੇ ਸਨ। ਇੱਕ ਵਾਰ ਫੇਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਇਕੱਠੇ ਹੋ ਗਏ।

ਕਿੰਨੇ ਹੀ ਲੋਕ ਹਨ ਜੋ ਭਾਰਤ ਪਾਕਿਸਤਾਨ ਵੰਡ ਸਮੇਂ ਇੱਕ ਦੂਜੇ ਨਾਲੋਂ ਵਿੱਛੜ ਗਏ ਸਨ। ਕਈਆਂ ਨੂੰ ਤਾਂ ਮੁੜ ਕੇ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ। ਕਈ ਤਾਂ ਪਰਿਵਾਰਕ ਮੈਂਬਰ ਵੀ ਵਿਛੜ ਗਏ ਅਤੇ ਵਿਛੋੜੇ ਵਿੱਚ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਗੋਪਾਲ ਸਿੰਘ ਅਤੇ ਬਸ਼ੀਰ ਮੁਹੰਮਦ ਕਿਸਮਤ ਵਾਲੇ ਹਨ ਜੋ ਦੁਬਾਰਾ ਫਿਰ ਇਕੱਠੇ ਹੋ ਗਏ।

Leave a Reply

Your email address will not be published. Required fields are marked *