ਜਿੱਤ ਦਾ ਜਸ਼ਨ ਮਨਾ ਰਹੀਆਂ ਕਿਸਾਨ ਬੀਬੀਆਂ ਨੇ ਬੋਲੀਆਂ ਤੇ ਪਾਇਆ ਗਿੱਧਾ

ਕੇਂਦਰ ਸਰਕਾਰ ਦੁਆਰਾ 3 ਖੇਤੀ ਕਾਨੂੰਨ ਰੱਦ ਕਰ ਦੇਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰ ਸਰਕਾਰ ਵਿਚਕਾਰ ਬਾਕੀ ਮੁੱਦਿਆਂ ਤੇ ਵੀ ਸਹਿਮਤੀ ਬਣ ਚੁੱਕੀ ਹੈ। ਜਿਸ ਕਰਕੇ ਕਿਸਾਨਾਂ ਨੇ ਵਾਪਸ ਘਰਾਂ ਨੂੰ ਪਰਤਣ ਦਾ ਐਲਾਨ ਕਰ ਦਿੱਤਾ ਹੈ। ਇਸ ਸਮੇਂ ਦਿੱਲੀ ਵਿਖੇ ਮੋਰਚਾ ਲਗਾਈ ਬੈਠੇ ਕਿਸਾਨਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਵਿਆਹ ਵਰਗਾ ਮਾਹੌਲ ਬਣ ਚੁੱਕਾ ਹੈ। ਹਰ ਪਾਸੇ ਭੰਗੜੇ ਪੈ ਰਹੇ ਹਨ। ਕਿਸਾਨ ਔਰਤਾਂ ਦੁਆਰਾ ਵੀ ਗਿੱਧਾ ਪਾਇਆ ਜਾ ਰਿਹਾ ਹੈ।

ਧਰਨੇ ਨਾਲ ਸਬੰਧਤ ਬੋਲੀਆਂ ਪਾ ਕੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਹਰ ਚਿਹਰੇ ਤੇ ਰੌਣਕ ਹੈ। ਰੌਣਕ ਹੋਵੇ ਵੀ ਕਿਉਂ ਨਾ? ਕਿਸਾਨਾਂ ਨੂੰ ਦਿੱਲੀ ਬੈਠੇ ਇਕ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। 26 ਨਵੰਬਰ 2020 ਤੋਂ ਕਿਸਾਨਾਂ ਨੇ ਮੋਰਚਾ ਸੰਭਾਲਿਆ ਸੀ। ਇਸ ਦੌਰਾਨ ਕਈ ਉਤਰਾਅ ਚਡ਼੍ਹਾਅ ਆਏ। 26 ਜਨਵਰੀ ਵਾਲਾ ਸਮਾਂ ਵੀ ਆਇਆ ਜਦੋਂ ਜਾਪਣ ਲੱਗਾ ਕਿ ਮੋਰਚਾ ਬਿਖਰ ਚੁੱਕਾ ਹੈ। ਮੋਰਚੇ ਵਿੱਚ ਸ਼ਾਮਲ ਲੋਕਾਂ ਨੇ ਗਰਮੀ, ਸਰਦੀ ਅਤੇ ਬਰਸਾਤ ਦਾ ਮੌਸਮ ਟਰਾਲੀਆਂ ਵਿੱਚ ਹੀ ਗੁਜ਼ਾਰਿਆ

ਪਰ ਹੌਸਲਾ ਨਹੀਂ ਹਾਰਿਆ। ਅਖੀਰ ਸਰਕਾਰ ਨੂੰ ਅੜੀ ਛੱਡਣੀ ਪਈ। ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰ ਸਰਕਾਰ ਵਿੱਚ ਆਮ ਸਹਿਮਤੀ ਬਣ ਗਈ। ਮੋਰਚੇ ਦੀ ਜਿੱਤ ਤੋਂ ਬਾਅਦ ਕਿਸਾਨਾਂ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਕਿਸਾਨ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਉਨ੍ਹਾਂ ਨੇ ਵੀ ਬੋਲੀਆਂ ਪਾ ਕੇ ਖੂਬ ਖ਼ੁਸ਼ੀ ਮਨਾਈ। ਮੋਰਚੇ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆ ਜਾਨਾਂ ਵੀ ਗਈਆਂ ਹਨ । ਇਸ ਦੌਰਾਨ ਹੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਾਲੀ ਘਟਨਾ ਵਾਪਰ ਗਈ।

ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਵੀ ਝੱਲਣਾ ਪਿਆ। ਫ਼ਸਲ ਬੀਜਣ ਅਤੇ ਸਾਂਭਣ ਦੇ ਨਾਲ ਨਾਲ ਮੋਰਚੇ ਵਿੱਚ ਵੀ ਸ਼ਮੂਲੀਅਤ ਜ਼ਰੂਰੀ ਸੀ। ਕਿਸਾਨਾਂ ਨੇ ਦੋਵੇਂ ਹੀ ਡਿਊਟੀਆਂ ਨਿਭਾਈਆਂ ਅਤੇ ਜਿੱਤ ਪ੍ਰਾਪਤ ਕੀਤੀ। ਕਿਸਾਨ ਔਰਤਾਂ ਨੇ ਵੀ ਮੋਰਚੇ ਵਿੱਚ ਪੂਰਾ ਸਾਥ ਦਿੱਤਾ। ਲੰਗਰ ਦੀ ਸੇਵਾ ਤੋਂ ਲੈ ਕੇ ਹਰ ਕੰਮ ਵਿੱਚ ਵਧ ਚਡ਼੍ਹ ਕੇ ਹਿੱਸਾ ਲਿਆ। ਹਰ ਕਿਸੇ ਨੇ ਕਿਸਾਨਾਂ ਦਾ ਸਾਥ ਦਿੱਤਾ। ਕਿਸਾਨ ਮਜ਼ਦੂਰ ਏਕਤਾ ਦੇ ਨਾਮ ਉਤੇ ਇਹ ਸੰਘਰਸ਼ ਚੱਲਿਆ ਅਤੇ ਅਖ਼ੀਰ ਕਿਸਾਨਾਂ ਮਜ਼ਦੂਰਾਂ ਦੀ ਜਿੱਤ ਹੋਈ।

Leave a Reply

Your email address will not be published. Required fields are marked *