ਅੰਦੋਲਨ ਤੋਂ ਵਾਪਿਸ ਆ ਰਹੇ ਕਿਸਾਨਾਂ ਨਾਲ ਜੱਗੋਂ ਤੇਰਵੀ, ਟਰੱਕ ਟਰਾਲੀ ਦੀ ਹੋਈ ਜਬਰਦਸਤ ਟੱਕਰ

ਹਰਿਆਣਾ ਦੇ ਹਿਸਾਰ ਵਿੱਚ ਵਾਪਰੇ ਇਕ ਸੜਕ ਹਾਦਸੇ ਕਾਰਨ ਪੰਜਾਬ ਦੇ ਮੁਕਤਸਰ ਸਾਹਿਬ ਦੇ ਇੱਕ ਕਿਸਾਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਇਸ ਹਾਦਸੇ ਵਿੱਚ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜੀਤਾ ਸਿੰਘ ਦੀ ਜਾਨ ਚਲੀ ਗਈ ਹੈ। ਹਾਦਸਾ ਟਰੱਕ ਦੀ ਟਰਾਲੀ ਨੂੰ ਟੱਕਰ ਵੱਜਣ ਕਾਰਨ ਵਾਪਰਿਆ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨੀ ਧਰਨਾ ਖ਼ਤਮ ਹੋ ਜਾਣ ਤੋਂ ਬਾਅਦ ਕਿਸਾਨ ਦਿੱਲੀ ਤੋਂ ਕਾਫਲੇ ਦੇ ਰੂਪ ਵਿਚ ਪੰਜਾਬ ਨੂੰ ਆ ਰਹੇ ਸਨ।

ਜਦੋਂ ਇਹ ਟਰਾਲੀ ਹਿਸਾਰ ਦੇ ਬਗਲਾ ਰੋਡ ਮੋੜ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਆ ਰਿਹਾ ਇੱਕ ਟਰੱਕ ਜ਼ੋਰ ਨਾਲ ਟਰਾਲੀ ਵਿਚ ਵੱਜਾ। ਪਿੱਛੇ ਤੋਂ ਟੱਕਰ ਵੱਜਣ ਕਾਰਨ ਟਰਾਲੀ ਇਕਦਮ ਪਲਟ ਗਈ। ਇਹ ਘਟਨਾ ਸਵੇਰੇ 7 ਵਜੇ ਵਾਪਰੀ ਹੈ। ਪਤਾ ਲੱਗਣ ਤੇ ਪੁਲਿਸ ਤੁਰੰਤ ਨੈਸ਼ਨਲ ਹਾਈਵੇ 9 ਉੱਤੇ ਘਟਨਾ ਸਥਾਨ ਤੇ ਪਹੁੰਚ ਗਈ। ਇਕ ਕਿਸਾਨ ਦੀ ਜਾਨ ਜਾ ਚੁੱਕੀ ਸੀ ਅਤੇ 2 ਦੇ ਸੱਟਾਂ ਲੱਗੀਆਂ ਹਨ। ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਇਹ ਟਰਾਲੀ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਨਾਲ ਸਬੰਧਤ ਦੱਸੀ ਜਾਂਦੀ ਹੈ। ਮ੍ਰਿਤਕ ਦੀ ਪਛਾਣ 38 ਸਾਲਾ ਸੁਖਵਿੰਦਰ ਸਿੰਘ ਪੁੱਤਰ ਜੀਤਾ ਸਿੰਘ ਵਜੋਂ ਹੋਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀਆਂ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਕਿਸਾਨ ਧਰਨੇ ਤੋਂ ਵਾਪਸ ਆ ਰਹੇ ਸਨ। ਹੁਣ ਤਕ ਕਿੰਨੇ ਹੀ ਕਿਸਾਨ ਧਰਨੇ ਦੌਰਾਨ ਘਰਾਂ ਤੋਂ ਦਿੱਲੀ ਨੂੰ ਜਾਂਦੇ ਅਤੇ ਦਿੱਲੀ ਤੋਂ ਘਰ ਨੂੰ ਵਾਪਸ ਆਉਂਦੇ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ।

ਕੇਂਦਰ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਕਿਸਾਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ। ਉਨ੍ਹਾਂ ਨੂੰ ਗਰਮੀ ਸਰਦੀ ਅਤੇ ਬਰਸਾਤ ਦਾ ਮੌਸਮ ਟਰਾਲੀਆਂ ਵਿੱਚ ਗੁਜ਼ਾਰਨਾ ਪਿਆ। ਅਖੀਰ ਕਿਸਾਨਾਂ ਦੀ ਜਿੱਤ ਹੋਈ ਅਤੇ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਵਾਪਸ ਲੈ ਲਏ। ਹੋਰ ਮੰਗਾਂ ਤੇ ਵੀ ਸਹਿਮਤੀ ਬਣ ਗਈ ਅਤੇ ਕਿਸਾਨੀ ਸੰਘਰਸ਼ ਖ਼ਤਮ ਹੋ ਗਿਆ। ਮੁਕਤਸਰ ਸਾਹਿਬ ਦੇ ਇਸ ਪਰਿਵਾਰ ਨੂੰ ਕਿਸਾਨੀ ਅੰਦੋਲਨ ਲਈ ਵੱਡੀ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਦਾ ਇਕ ਮੈਂਬਰ ਖੋ ਲਿਆ ਹੈ।

Leave a Reply

Your email address will not be published. Required fields are marked *