ਖੇਡਦੇ ਖੇਡਦੇ ਬੋਰਵੈਲ ਚ ਡਿੱਗੀ ਡੇਢ ਸਾਲਾ ਬੱਚੀ, ਬਾਹਰ ਕੱਢਣ ਲਈ ਲਾਇਆ ਜਾ ਰਿਹਾ ਪੂਰਾ ਜ਼ੋਰ

ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਛਤਰਪੁਰ ਅਧੀਨ ਪੈਂਦੇ ਥਾਣਾ ਨੌਗਾਂਵ ਦੇ ਪਿੰਡ ਦੌਨੀ ਵਿੱਚ ਇੱਕ ਬੱਚੀ ਦੇ ਸੁੱਕੇ ਬੋਰਵੈੱਲ ਵਿਚ ਡਿੱਗ ਜਾਣ ਕਾਰਨ ਤਰਥੱਲੀ ਮੱਚ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ। ਐੱਸ ਪੀ ਅਤੇ ਕਲੈਕਟਰ ਖ਼ੁਦ ਮੌਕੇ ਤੇ ਹਾਜ਼ਰ ਹਨ। ਬੱਚੀ ਦੀ ਉਮਰ ਡੇਢ ਸਾਲ ਦੱਸੀ ਜਾ ਰਹੀ ਹੈ। ਜਿਸ ਦਾ ਨਾਮ ਦਿਵਿਆਂਸ਼ੀ ਕੁਸ਼ਵਾਹਾ ਹੈ। ਬੋਰਵੈੱਲ ਦੀ ਡੂੰਘਾਈ 80 ਫੁੱਟ ਦੇ ਲਗਭਗ ਹੈ ਅਤੇ ਬੱਚੀ ਕਿਤੇ ਵਿਚਕਾਰ ਹੀ ਫਸੀ ਹੋਈ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਚੀ 15 ਫੁੱਟ ਡੂੰਘਾਈ ਤੇ ਅਟਕੀ ਹੋਈ ਹੈ।

ਬੱਚੀ ਦੇ ਰੋਣ ਦੀ ਆਵਾਜ਼ ਆ ਰਹੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਬੱਚੀ ਠੀਕ ਠਾਕ ਹੈ। ਬਚਾਓ ਕਾਰਜ ਵਿੱਚ 4 ਜੇ ਸੀ ਬੀ ਮਸ਼ੀਨਾਂ ਕੰਮ ਕਰ ਰਹੀਆਂ ਹਨ। ਬੱਚੀ ਨੂੰ ਸਹੀ ਸਲਾਮਤ ਬਾਹਰ ਕੱਢਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਬਾਅਦ ਦੁਪਹਿਰ ਲਗਭਗ 4 ਵਜੇ ਦੀ ਦੱਸੀ ਜਾ ਰਹੀ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਬੱਚੀ ਦੀ ਜਾਨ ਬਚਾਉਣ ਲਈ ਤਰਲੇ ਕਰ ਰਹੇ ਹਨ। ਹਨੇਰਾ ਹੋ ਜਾਣ ਕਾਰਨ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਬੱਚੀ ਨੂੰ ਆਕਸੀਜਨ ਦੀ ਸਪਲਾਈ ਵੀ ਦਿੱਤੀ ਜਾ ਰਹੀ ਹੈ।

ਦੂਜੇ ਪਾਸੇ ਠੰਢ ਵੀ ਜ਼ੋਰਾਂ ਤੇ ਪੈ ਰਹੀ ਹੈ। ਬੱਚੀ ਨੂੰ ਬਾਹਰ ਕੱਢਣ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ? ਅਜੇ ਇਸ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਕੋਈ ਪਹਿਲਾ ਮਾਮਲਾ ਨਹੀਂ, ਜਦੋਂ ਕੋਈ ਬੱਚਾ ਬੋਰਵੈੱਲ ਵਿਚ ਡਿੱਗਿਆ ਹੋਵੇ ਪਰ ਫੇਰ ਵੀ ਲੋਕ ਖੁੱਲ੍ਹੇ ਬੋਰਵੈੱਲ ਨੂੰ ਢਕਣ ਵਿੱਚ ਲਾਪਰਵਾਹੀ ਕਰ ਜਾਂਦੇ ਹਨ। ਇਸ ਤਰ੍ਹਾਂ ਦੇ ਖੁੱਲ੍ਹੇ ਬੋਰਵੈੱਲ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਇਹ ਬੱਚੀ ਵੀ ਖੇਡਦੀ ਹੋਈ ਬੋਰਵੈੱਲ ਵਿੱਚ ਜਾ ਡਿੱਗੀ। ਜਦੋਂ ਬੱਚੀ ਦਿਖਾਈ ਨਾ ਦਿੱਤੀ ਤਾਂ ਪਰਿਵਾਰ ਉਸ ਨੂੰ ਲੱਭਣ ਲੱਗਾ।

ਪਰਿਵਾਰ ਨੂੰ ਬੋਰਵੈੱਲ ਵਿੱਚੋਂ ਉਸ ਦੇ ਰੋਣ ਦੀ ਆਵਾਜ਼ ਆਈ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ। ਇਸ ਘਟਨਾ ਨੇ ਲਗਪਗ ਢਾਈ ਸਾਲ ਪਹਿਲਾਂ ਪੰਜਾਬ ਵਿਚ ਵਾਪਰੀ ਮਾਸੂਮ ਫਤਿਹਵੀਰ ਵਾਲੀ ਘਟਨਾ ਯਾਦ ਕਰਵਾ ਦਿੱਤੀ ਹੈ। ਹਰ ਕੋਈ ਦੁਆ ਕਰ ਰਿਹਾ ਹੈ ਕਿ ਦਿਵਿਆਂਸ਼ੀ ਕੁਸ਼ਵਾਹਾ ਸਹੀ ਸਲਾਮਤ ਬਾਹਰ ਨਿਕਲ ਆਵੇ। ਵੱਡੀ ਗਿਣਤੀ ਵਿੱਚ ਲੋਕ ਬੋਰਵੈੱਲ ਦੇ ਨੇੜੇ ਇਕੱਠੇ ਹੋ ਚੁੱਕੇ ਹਨ।

Leave a Reply

Your email address will not be published. Required fields are marked *