ਪਿਓ ਤੋਂ ਨਹੀਂ ਲੈਣਾ ਚਾਹੁੰਦਾ ਸੀ ਕਿਤਾਬਾਂ ਦੇ ਪੈਸੇ, 1 ਦਿਨ ਦੀ ਮਜ਼ਦੂਰੀ ਨੇ ਲੈ ਲਈ ਗਿਆਰਵੀਂ ਚ ਪੜਦੇ ਮੁੰਡੇ ਦੀ ਜਾਨ

ਗ਼ਰੀਬੀ ਇਨਸਾਨ ਤੋਂ ਕੀ ਕੀ ਕਰਵਾਉਂਦੀ ਹੈ? ਇਸ ਦੀ ਉਦਾਹਰਨ ਭੋਪਾਲ ਦੇ ਲਾਊ ਖੇੜੀ ਇਲਾਕੇ ਵਿੱਚ ਦੇਖਣ ਨੂੰ ਮਿਲੀ। ਜਿੱਥੇ ਸੀਵਰੇਜ ਦੇ 20 ਫੁੱਟ ਡੂੰਘੇ ਟੈਂਕ ਵਿੱਚ ਇਕ ਇੰਜਨੀਅਰ ਦੀਪਕ ਸਿੰਘ ਦੇ ਨਾਲ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਭਾਰਤ ਸਿੰਘ ਡਿੱਗ ਪਿਆ। ਦੋਵਾਂ ਦੀ ਹੀ ਜਾਨ ਚਲੀ ਗਈ। ਭਾਰਤ ਸਿੰਘ 2 ਦਸੰਬਰ ਨੂੰ (ਪਿਪਲੀ) ਝਾਬੂਆ ਤੋਂ ਭੋਪਾਲ ਆਇਆ ਸੀ। ਭਾਰਤ ਸਿੰਘ ਦਾ ਪਿਤਾ ਸ਼ੈਤਾਨ ਸਿੰਘ ਭੋਪਾਲ ਵਿਖੇ ਮਜ਼ਦੂਰੀ ਕਰਦਾ ਹੈ।

ਸ਼ੈਤਾਨ ਸਿੰਘ ਦੇ 2 ਪੁੱਤਰ ਸਨ। ਜਿਨ੍ਹਾਂ ਵਿਚੋਂ ਭਾਰਤ ਸਿੰਘ ਵੱਡਾ ਸੀ। ਭਾਰਤ ਸਿੰਘ ਹਮੇਸ਼ਾ ਆਪਣੇ ਪਿਤਾ ਨੂੰ ਕਹਿੰਦਾ ਸੀ ਕਿ ਉਹ ਪੜ੍ਹ ਲਿਖ ਕੇ ਵੱਡਾ ਅਫ਼ਸਰ ਬਣੇਗਾ। ਪੁੱਤਰ ਦੀ ਅਫ਼ਸਰ ਬਣਨ ਦੀ ਇੱਛਾ ਨੂੰ ਪੂਰੀ ਕਰਨ ਲਈ ਸ਼ੈਤਾਨ ਸਿੰਘ ਭੋਪਾਲ ਵਿਖੇ ਰਹਿ ਕੇ ਮਜ਼ਦੂਰੀ ਕਰ ਰਿਹਾ ਸੀ। ਸ਼ੈਤਾਨ ਸਿੰਘ ਚਾਹੁੰਦਾ ਸੀ ਕਿ ਪਰਿਵਾਰ ਨੂੰ ਖਰਚੇ ਤੋਂ ਕੋਈ ਕਮੀ ਨਾ ਰਹੇ। ਪੇਪਰ ਨੇੜੇ ਹੋਣ ਕਾਰਨ ਭਾਰਤ ਸਿੰਘ ਨੂੰ ਕਿਤਾਬਾਂ ਦੀ ਜ਼ਰੂਰਤ ਪਈ। ਜਿਸ ਕਰਕੇ ਉਸ ਨੇ ਆਪਣੇ ਪਿਤਾ ਨਾਲ ਗੱਲ ਕੀਤੀ। ਪਿਤਾ ਨੇ ਪੁੱਤਰ ਨੂੰ ਕਿਹਾ ਕਿ ਉਹ ਉਸ ਕੋਲ ਭੋਪਾਲ ਵਿਖੇ ਆ ਜਾਵੇ।

ਉਹ ਆਪਣੇ ਪਿਤਾ ਕੋਲ ਕੁਝ ਦਿਨ ਰਹੇ ਅਤੇ ਕਿਤਾਬਾਂ ਖ਼ਰੀਦ ਕੇ ਲੈ ਜਾਵੇ। ਇਸ ਤਰ੍ਹਾਂ 2 ਦਸੰਬਰ ਨੂੰ ਭਾਰਤ ਸਿੰਘ ਭੋਪਾਲ ਪਹੁੰਚ ਗਿਆ। ਇੱਥੇ ਕੁਝ ਲੋਕ ਅੰਕਿਤਾ ਕੰਸਟਰੱਕਸ਼ਨ ਕੰਪਨੀ ਵਿੱਚ ਕੰਮ ਕਰਦੇ ਸਨ। ਭਾਰਤ ਸਿੰਘ ਨੇ ਸੋਚਿਆ ਕਿ ਕਿਉਂ ਨਾ ਕੁਝ ਦਿਨ ਕੰਪਨੀ ਵਿਚ ਕੰਮ ਕਰ ਲਵੇ। ਇਸ ਤਰ੍ਹਾਂ ਉਹ ਕਿਤਾਬਾਂ ਲਈ ਪੈਸੇ ਜੋੜ ਲਵੇਗਾ ਅਤੇ ਉਸ ਦੇ ਪਿਤਾ ਨੂੰ ਖਰਚਾ ਨਹੀਂ ਕਰਨਾ ਪਵੇਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 13 ਤਾਰੀਖ ਨੂੰ ਇੰਜਨੀਅਰ ਦੀਪਕ ਸਿੰਘ ਆਪਣੇ ਨਾਲ ਭਾਰਤ ਸਿੰਘ ਨੂੰ ਲੈ ਗਿਆ ਅਤੇ ਅੱਗੇ ਹੋਣੀ ਵਾਪਰ ਗਈ।

ਭਾਰਤ ਸਿੰਘ ਅਤੇ ਇੰਜਨੀਅਰ ਦੀਪਕ ਸਿੰਘ ਦੋਵੇਂ ਹੀ 20 ਫੁੱਟ ਡੂੰਘੇ ਸੀਵਰੇਜ ਦੇ ਚੈਂਬਰ ਵਿਚ ਡਿੱਗ ਪਏ। ਦੋਵਾਂ ਦੀ ਹੀ ਚੈਂਬਰ ਵਿਚ ਜਾਨ ਚਲੀ ਗਈ। ਜਿਸ ਪੁੱਤਰ ਨੂੰ ਉਸ ਦਾ ਪਿਤਾ ਅਫ਼ਸਰ ਬਣਿਆ ਦੇਖਣਾ ਚਾਹੁੰਦਾ ਸੀ, ਉਹ ਪੁੱਤਰ ਉਸ ਨੂੰ ਸਦਾ ਲਈ ਛੱਡ ਗਿਆ। ਭਾਵੇਂ ਕਿਹਾ ਜਾ ਰਿਹਾ ਹੈ ਕਿ ਇੰਜੀਨੀਅਰ ਦੇ ਨਾਲ ਇਕ ਮਜ਼ਦੂਰ ਦੀ ਜਾਨ ਚਲੀ ਗਈ ਹੈ ਪਰ ਇਸ ਮਜ਼ਦੂਰ ਦੇ ਸੁਪਨੇ ਕਿੰਨੇ ਵੱਡੇ ਸਨ? ਇਹ ਕੋਈ ਨਹੀਂ ਜਾਣਦਾ। ਪਰਿਵਾਰ ਦੇ ਸਾਰੇ ਸੁਪਨੇ ਮਿੱਟੀ ਵਿੱਚ ਮਿਲ ਗਏ।

Leave a Reply

Your email address will not be published. Required fields are marked *