ਪਾਕਿਸਤਾਨ ਚ ਮੁਸਲਮਾਨ ਕੁੜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਕੀਤੀ ਪੀਐਚਡੀ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅੱਜ ਵੀ ਉਨੀਆਂ ਹੀ ਸਾਰਥਕ ਹਨ, ਜਿੰਨੀਆਂ ਅੱਜ ਤੋਂ ਲਗਭਗ 500 ਸਾਲ ਪਹਿਲਾਂ ਸਨ। ਉਨ੍ਹਾਂ ਦੇ ਜੀਵਨ ਅਤੇ ਫਲਸਫੇ ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਰਹਿਣ ਵਾਲੀ ਇਕ ਲੜਕੀ ਸਫਦਰ ਸਮੇਰਾ ਨੇ ਪੀ ਐੱਚ ਡੀ ਕੀਤੀ ਹੈ। ਸ਼ਾਇਦ ਉਨ੍ਹਾਂ ਤੋਂ ਪਹਿਲਾਂ ਕਿਸੇ ਪਾਕਿਸਤਾਨੀ ਲੜਕੀ ਦੇ ਮਨ ਵਿੱਚ ਅਜਿਹਾ ਵਿਚਾਰ ਨਹੀਂ ਆਇਆ। ਜਿਸ ਕਰਕੇ ਸਫਦਰ ਸਮੇਰਾ ਦੇ ਹਿੱਸੇ ਹੀ ਇਹ ਮਾਣ ਆਇਆ ਹੈ।

ਉਨ੍ਹਾਂ ਨੂੰ ਪਹਿਲੀ ਅਜਿਹੀ ਪਾਕਿਸਤਾਨੀ ਲੜਕੀ ਦੇ ਤੌਰ ਤੇ ਜਾਣਿਆ ਜਾਣ ਲੱਗਾ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਤੇ ਪੀ ਐੱਚ ਡੀ ਕੀਤੀ ਹੈ। ਇਹ ਡਿਗਰੀ ਉਨ੍ਹਾਂ ਨੇ ਲਾਹੌਰ ਦੀ ਯੂਨੀਵਰਸਿਟੀ ਆਫ ਪੰਜਾਬ ਤੋਂ ਕੀਤੀ ਹੈ। ਉਹ ਪੇਸ਼ੇ ਵਜੋਂ ਅਧਿਆਪਕ ਹਨ ਅਤੇ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਤਾਇਨਾਤ ਹਨ। ਜਦਕਿ ਉਨ੍ਹਾਂ ਦੇ ਪਤੀ ਪਾਕਿਸਤਾਨੀ ਫੌਜ ਵਿੱਚ ਤਾਇਨਾਤ ਹਨ।

ਡਾਕਟਰ ਸਫਦਰ ਸਮੇਰਾ ਚਾਹੁੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਿਆ ਜਾਵੇ। ਉਹ ਸਿੱਖੀ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਹਨ। ਡਾਕਟਰ ਸਫਦਰ ਸੁਮੇਰਾ ਨਵੀਂ ਪਨੀਰੀ ਨੂੰ ਵੀ ਇਸ ਵਿਸ਼ੇ ਤੇ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲਹਿੰਦੇ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ।

ਉਹ ਚਾਹੁੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅੱਜ ਦੇ ਦੌਰ ਵਿੱਚ ਵੀ ਚੰਗੀ ਤਰ੍ਹਾਂ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਦੀਆਂ ਯਾਦਗਾਰਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਵੇ। ਡਾਕਟਰ ਸਫਦਰ ਸਮੇਰਾ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਵੱਲੋਂ ਵਿਸਾਖੀ ਤੇ ਨਨਕਾਣਾ ਸਾਹਿਬ ਵਿਖੇ ਸਨਮਾਨਤ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *