ਕਿਸਾਨਾਂ ਦਾ 2022 ਬਾਰੇ ਵੱਡਾ ਪਲਾਨ, ਪੰਜਾਬ ਦੀਆਂ ਚੋਣਾਂ ਚ ਲੈਣਗੇ ਹਿੱਸਾ

ਅਖੀਰ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ 2 ਦਰਜਨ ਦੇ ਲਗਪਗ ਜਥੇਬੰਦੀਆਂ ਨੇ ਮਿਲ ਕੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਲਈ ਇਕ ਸਾਂਝੀ ਜਥੇਬੰਦੀ ਬਣਾ ਲਈ ਹੈ। ਜਿਸ ਦਾ ਨਾਮ ‘ਸੰਯੁਕਤ ਸਮਾਜ ਮੋਰਚਾ’ ਰੱਖਿਆ ਗਿਆ ਹੈ। ਇਸ ਮੋਰਚੇ ਦਾ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਬਣਾਇਆ ਗਿਆ ਹੈ। ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਨਾਲ ਮਿਲਕੇ ਚੋਣਾਂ ਵਿੱਚ ਹਿੱਸਾ ਲੈਣਗੀਆਂ ਪਰ ਹੁਣ ਇਹ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ।

ਇਸ ਮੋਰਚੇ ਵਿੱਚ 25 ਕਿਸਾਨ ਜਥੇਬੰਦੀਆਂ ਸ਼ਾਮਲ ਦੱਸੀਆਂ ਜਾਂਦੀਆਂ ਹਨ। ਗੱਲਬਾਤ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਸਾਰਿਆਂ ਨੂੰ ਹੀ ਮਿਲ ਕੇ ਪੰਜਾਬ ਦੀ ਕਾਇਆ ਕਲਪ ਕਰਨ ਦੀ ਲੋੜ ਹੈ। ਸਿਸਟਮ ਵਿੱਚ ਬਹੁਤ ਨਿਘਾਰ ਆ ਗਿਆ ਹੈ, ਜਿਸ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਰਾਜੇਵਾਲ ਦਾ ਕਹਿਣਾ ਹੈ ਕਿ ਪੰਜਾਬ ਵਾਸੀਆਂ ਦੀਆਂ ਬਹੁਤ ਸਾਰੀਆਂ ਲੋੜਾਂ ਹਨ, ਜਿਨ੍ਹਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਰਵਾਇਤੀ ਰਾਜਨੀਤਕ ਪਾਰਟੀਆਂ ਦੀਆ ਗੱਲਾਂ ਵਿੱਚ ਆਉਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਆਪਣੇ ਆਪਣੇ ਪਿੰਡ ਵਿੱਚ ਮੋਰਚਾ ਸੰਭਾਲਣ ਲਈ ਕਿਹਾ। ਰਾਜੇਵਾਲ ਦਾ ਕਹਿਣਾ ਹੈ ਕਿ ਇਹ ਲੋਕਾਂ ਦੀ ਸਿਆਸੀ ਜਮਾਤ ਹੋਵੇਗੀ। ਜਿਸ ਵਿੱਚ ਆਮ ਪਰਿਵਾਰਾਂ ਦੇ ਲੋਕ ਸ਼ਾਮਲ ਹੋਣਗੇ। ਉਹ ਸਾਰੇ ਮਿਲ ਕੇ ਪੰਜਾਬ ਨੂੰ ਫੇਰ ਲੀਹ ਤੇ ਲੈ ਆਉਣਗੇ।

ਬਲਬੀਰ ਸਿੰਘ ਰਾਜੇਵਾਲ ਦੇ ਦੱਸਣ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੁਆਰਾ ਪਹਿਲਾਂ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਲਿਆ ਗਿਆ ਫ਼ੈਸਲਾ ਵੀ ਠੀਕ ਸੀ ਪਰ ਹੁਣ ਲਿਆ ਗਿਆ ਫ਼ੈਸਲਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਹੈ। ਮੋਰਚੇ ਵਿੱਚ ਸ਼ਾਮਲ ਹੋਰ ਆਗੂਆਂ ਨੇ ਦੱਸਿਆ ਹੈ ਕਿ ਪੰਜਾਬ ਦੀਆਂ ਸਾਰੀਆਂ ਹੀ 117 ਵਿਧਾਨ ਸਭਾ ਸੀਟਾਂ ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ।

Leave a Reply

Your email address will not be published. Required fields are marked *