ਜ਼ਮੀਨ ਕਬਜੇ ਨੂੰ ਲੈ ਕੇ ਪਿੰਡ ਵਾਸੀ ਹੋਏ ਆਹਮੋ ਸਾਹਮਣੇ, ਚੱਲੇ ਇੱਟਾਂ ਪੱਥਰ, ਭੰਨੀ ਪੁਲਿਸ ਦੀ ਗੱਡੀ

ਬਰਨਾਲਾ ਦੇ ਤਪਾ ਮੰਡੀ ਵਿੱਚ ਇਕ ਵਿਸ਼ੇਸ਼ ਭਾਈਚਾਰੇ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਟਕਰਾਅ ਹੋਇਆ ਹੈ। ਜਿਸ ਕਰਕੇ ਦੋਵੇਂ ਧਿਰਾਂ ਵਿਚਕਾਰ ਇੱਟਾਂ ਰੋੜੇ ਚੱਲੇ। ਜਿਸ ਵਿਚ ਪੁਲਿਸ ਪ੍ਰਸ਼ਾਸਨ ਦੀ ਗੱਡੀ ਦੀ ਵੀ ਭੰਨ ਤੋੜ ਹੋਣ ਦੀ ਗੱਲ ਸਾਹਮਣੇ ਆਈ ਹੈ। ਆਮ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਹਨ। ਇੱਥੋਂ ਤੱਕ ਕਿ ਥਾਣਾ ਮੁਖੀ ਦੇ ਵੀ ਸੱਟ ਲੱਗੀ ਹੈ। ਟਕਰਾਅ ਦਾ ਕਾਰਨ ਇੱਥੇ ਜਗ੍ਹਾ ਤੇ ਕਬਜ਼ੇ ਨੂੰ ਲੈ ਕੇ ਹੈ। ਇਸ ਵਿਸ਼ੇਸ਼ ਭਾਈਚਾਰੇ ਦੇ ਲੋਕ 70 ਸਾਲ ਤੋਂ ਇਸ ਥਾਂ ਤੇ ਰਹਿ ਰਹੇ ਹਨ।

ਇਹ ਥਾਂ ਸਬ ਡਿਵੀਜ਼ਨ ਕੰਪਲੈਕਸ ਦੇ ਨੇੜੇ ਹੈ। ਇਸ ਭਾਈਚਾਰੇ ਦੇ ਲੋਕਾਂ ਨੂੰ ਸ਼ਿਕਵਾ ਹੈ ਕਿ ਪੁਲਿਸ ਉਨ੍ਹਾਂ ਦੇ ਧਾਰਮਿਕ ਨਿਸ਼ਾਨ ਸਾਹਿਬ ਨੂੰ ਪੁੱਟਣਾ ਚਾਹੁੰਦੀ ਹੈ। ਇਹ ਉਨ੍ਹਾਂ ਦੀ ਜੱਦੀ ਥਾਂ ਹੈ। ਇਨ੍ਹਾਂ ਲੋਕਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਸ਼ਿਕਵਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਗ਼ਰੀਬ ਲੋਕਾਂ ਦੀ ਮੱਦਦ ਕਰਨ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਜਿਸ ਦਿਨ ਤੋਂ ਮੁੱਖ ਮੰਤਰੀ ਇਸ ਇਲਾਕੇ ਵਿੱਚ ਆ ਕੇ ਗਏ ਹਨ ਉਸ ਦਿਨ ਤੋਂ ਹੀ ਉਨ੍ਹਾਂ ਦੇ ਉਲਟ ਕਾਰਵਾਈਆਂ ਸ਼ੁਰੂ ਹੋ ਗਈਆਂ ਹਨ।

ਪੁਲਿਸ ਨੇ ਉਨ੍ਹਾਂ ਨੂੰ ਗੱਲਬਾਤ ਦੇ ਬਹਾਨੇ ਬੁਲਾ ਕੇ ਉਨ੍ਹਾਂ ਦੀ ਖਿੱਚ ਧੂਹ ਕੀਤੀ ਹੈ। ਕਈ ਔਰਤਾਂ ਸਿਵਲ ਹਸਪਤਾਲ ਵਿੱਚ ਭਰਤੀ ਹਨ। ਇਨ੍ਹਾਂ ਲੋਕਾਂ ਨੇ ਪੁਲਿਸ ਤੇ ਹਵਾਈ ਫੈਰਿੰਗ ਕਰਨ ਦੇ ਵੀ ਦੋਸ਼ ਲਗਾਏ ਹਨ। ਇਸ ਮਾਮਲੇ ਪਿੱਛੇ ਕੀ ਕਾਰਨ ਹਨ? ਪੁਲਿਸ ਇਸ ਥਾਂ ਨੂੰ ਕਿਉਂ ਖਾਲੀ ਕਰਵਾਉਣਾ ਚਾਹੁੰਦੀ ਹੈ? ਕੀ ਇਹ ਥਾਂ ਸਰਕਾਰੀ ਹੈ ਜਾਂ ਕਿਸੇ ਦੀ ਨਿੱਜੀ ਜਾਇਦਾਦ? ਉਪਰੋਕਤ ਗੱਲਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸ ਬਾਰੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ।

ਇਸ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਵਿੱਚ ਪੁਲਿਸ ਅਤੇ ਸਰਕਾਰ ਪ੍ਰਤੀ ਰੋਸ ਹੈ। ਪੁਲਿਸ ਇਸ ਥਾਂ ਨੂੰ ਖਾਲੀ ਕਰਵਾਉਣਾ ਚਾਹੁੰਦੀ ਹੈ ਪਰ ਇਹ ਲੋਕ ਖਾਲੀ ਨਹੀਂ ਕਰਨਾ ਚਾਹੁੰਦੇ। ਇਸ ਮਾਮਲੇ ਦੇ ਸੰਬੰਧ ਵਿਚ ਸਰਕਾਰ ਦਾ ਕੀ ਪ੍ਰਤੀਕਰਮ ਹੈ? ਇਸ ਭਾਈਚਾਰੇ ਦੇ ਦਾਅਵਿਆਂ ਵਿੱਚ ਕਿੰਨੀ ਸਚਾਈ ਹੈ? ਇਸ ਦਾ ਪਤਾ ਆਉਣ ਵਾਲੇ ਦਿਨਾਂ ਵਿੱਚ ਲੱਗ ਜਾਵੇਗਾ।

Leave a Reply

Your email address will not be published. Required fields are marked *