ਖੁਦ ਨੂੰ ਐੱਨ ਆਰ ਆਈ ਦੱਸਕੇ 50 ਕੁੜੀਆਂ ਨਾਲ ਕੀਤਾ ਧੋਖਾ, ਦਿੱਲੀ ਪੁਲਿਸ ਨੇ ਅੰਮ੍ਰਿਤਸਰ ਤੋਂ ਕੀਤਾ ਕਾਬੂ

ਦਿੱਲੀ ਪੁਲਿਸ ਨੇ 2 ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜੋ ਤਲਾਕਸ਼ੁਦਾ ਔਰਤਾਂ ਨਾਲ ਧੋਖਾ ਕਰਦੇ ਸਨ। ਇਨ੍ਹਾਂ ਦੇ ਨਾਮ ਪਰਸ਼ੋਤਮ ਸ਼ਰਮਾ ਉਰਫ ਪੰਕਜ਼ ਸ਼ਰਮਾ ਅਤੇ ਕੁਲਦੀਪ ਸਿੰਘ ਉਰਫ ਬੌਬੀ ਦੱਸੇ ਜਾਂਦੇ ਹਨ। ਪੰਕਜ ਸ਼ਰਮਾ ਇਸ ਮਾਮਲੇ ਵਿਚ ਮਾਸਟਰ ਮਾਈਂਡ ਹੈ। ਉਸ ਨੇ ਔਰਤਾਂ ਨਾਲ ਧੋ-ਖਾ ਕਰਨ ਦਾ ਇੱਕ ਅਜੀਬ ਹੀ ਤਰੀਕਾ ਅਪਣਾਇਆ ਹੋਇਆ ਸੀ। ਉਹ ਮੈਟਰੀਮੋਨੀਅਲ ਸਾਈਟ ਦੇ ਜ਼ਰੀਏ ਤਲਾਕਸ਼ੁਦਾ ਔਰਤਾਂ ਨਾਲ ਸੰਪਰਕ ਕਰਦਾ ਸੀ। ਉਹ ਇਨ੍ਹਾਂ ਨੂੰ ਵਿਆਹ ਲਈ ਮੈਸੇਜ ਭੇਜਦਾ ਸੀ।

ਜਿਹੜੀਆਂ ਔਰਤਾਂ ਉਸ ਨਾਲ ਸੰਪਰਕ ਕਰ ਲੈਂਦੀਆਂ ਤਾਂ ਉਹ ਖ਼ੁਦ ਨੂੰ ਐੱਨ ਆਰ ਆਈ ਦੱਸਦਾ। ਉਹ ਇਨ੍ਹਾਂ ਔਰਤਾਂ ਨੂੰ ਵਿਦੇਸ਼ ਭੇਜਣ ਦੇ ਝਾਂਸੇ ਵਿਚ ਫਸਾ ਲੈਂਦਾ। ਉਨ੍ਹਾਂ ਦੇ ਪਾਸਪੋਰਟ ਲੈ ਲੈਂਦਾ ਅਤੇ ਫਿਰ ਕਹਿੰਦਾ ਕਿ ਵੀਜ਼ੇ ਵਿੱਚ ਦੇਰੀ ਹੋ ਰਹੀ ਹੈ। ਇਸ ਤਰ੍ਹਾਂ ਉਹ ਔਰਤਾਂ ਤੋਂ ਪੈਸੇ ਹੜੱਪਦਾ ਰਹਿੰਦਾ। 2 ਦਸੰਬਰ ਨੂੰ ਦਿੱਲੀ ਦੇ ਆਈ ਜੀ ਆਈ ਏਅਰਪੋਰਟ ਥਾਣੇ ਵਿਚ ਦਿੱਲੀ ਦੇ ਪੱਛਮ ਵਿਹਾਰ ਦੀ ਰਹਿਣ ਵਾਲੀ ਇਕ ਔਰਤ ਨੇ ਦਰਖਾਸਤ ਦਿੱਤੀ ਕਿ ਉਹ ਤਲਾਕਸ਼ੁਦਾ ਹੈ। ਮੈਟਰੀਮੋਨੀਅਲ ਸਾਈਟ ਰਾਹੀਂ ਉਸ ਦੀ ਪ੍ਰਸ਼ੋਤਮ ਸ਼ਰਮਾ ਉਰਫ ਪੰਕਜ ਸ਼ਰਮਾ ਨਾਲ ਮੁਲਾਕਾਤ ਹੋਈ ਸੀ।

ਪਹਿਲਾਂ ਤਾਂ ਪੰਕਜ ਸ਼ਰਮਾ ਨੇ ਉਸ ਨੂੰ ਵਿਆਹ ਦੇ ਚੱਕਰ ਵਿੱਚ ਫਸਾ ਲਿਆ। ਫੇਰ ਉਸ ਨੂੰ ਵਿਦੇਸ਼ ਭੇਜਣ ਦੇ ਲਾਲਚ ਵਿੱਚ ਉਲਝਾ ਲਿਆ। ਇਸ ਤਰ੍ਹਾਂ ਪੰਕਜ ਸ਼ਰਮਾ ਨੇ ਉਸ ਔਰਤ ਨੂੰ 22 ਲੱਖ ਰੁਪਏ ਦਾ ਚੂਨਾ ਲਾ ਦਿੱਤਾ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਬਾਅਦ ਵਿੱਚ ਪੰਕਜ ਸ਼ਰਮਾ ਉਸ ਨੂੰ ਕਹਿਣ ਲੱਗਾ ਕਿ ਉਹ ਉਸ ਨਾਲ ਵਿਆਹ ਤਾਂ ਨਹੀਂ ਕਰਵਾ ਸਕਦਾ ਪਰ ਉਸ ਨੂੰ ਕੈਨੇਡਾ ਵਿੱਚ ਕੋਈ ਚੰਗਾ ਸਾਥੀ ਮਿਲਾ ਸਕਦਾ ਹੈ। ਉਸ ਨੇ ਆਪਣੇ ਸਾਥੀ ਕੁਲਦੀਪ ਸਿੰਘ ਨਾਲ ਮਿਲ ਕੇ ਇਸ ਔਰਤ ਲਈ ਇਕ ਜਾਅਲੀ ਵੀਜ਼ੇ ਦਾ ਪ੍ਰਬੰਧ ਕਰ ਦਿੱਤਾ।

ਜਦੋਂ ਔਰਤ ਨੂੰ ਇਸ ਸਚਾਈ ਦਾ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਔਰਤ ਨੇ ਆਈ ਜੀ ਆਈ ਏਅਰਪੋਰਟ ਥਾਣੇ ਦੀ ਪੁਲਿਸ ਨੂੰ ਦਰਖਾਸਤ ਦੇ ਦਿੱਤੀ। ਦਿੱਲੀ ਪੁਲਿਸ ਨੇ ਲੋਕੇਸ਼ਨ ਦੇ ਆਧਾਰ ਤੇ ਪਰਸ਼ੋਤਮ ਸ਼ਰਮਾ ਉਰਫ ਪੰਕਜ ਸ਼ਰਮਾ ਨੂੰ ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਖੇ ਆ ਦਬੋਚਿਆ। ਪਤਾ ਲੱਗਾ ਹੈ ਕਿ ਪੰਕਜ ਸ਼ਰਮਾ ਹੁਣ ਤਕ 50 ਔਰਤਾਂ ਨਾਲ ਧੋ ਖਾ ਕਰ ਚੁੱਕਾ ਹੈ। ਉਸ ਨੇ 3 ਔਰਤਾਂ ਨਾਲ ਵਿਆਹ ਕੀਤਾ ਹੈ। ਇਨ੍ਹਾਂ ਤਿੰਨੇ ਹੀ ਔਰਤਾਂ ਨੇ ਪੰਕਜ ਸ਼ਰਮਾ ਤੇ ਮਾਮਲਾ ਦਰਜ ਕਰਵਾ ਦਿੱਤਾ ਹੈ। ਉਸ ਤੇ 2 ਮਾਮਲੇ ਦਿੱਲੀ ਵਿੱਚ ਅਤੇ ਇਕ ਮਾਮਲਾ ਪੰਜਾਬ ਵਿਚ ਦਰਜ ਹੋਇਆ ਹੈ। ਅਖੀਰ ਪੰਕਜ ਪੁਲਿਸ ਦੇ ਧੱਕੇ ਚੜ੍ਹ ਹੀ ਗਿਆ।

Leave a Reply

Your email address will not be published. Required fields are marked *