ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 2000 ਰੁਪਏ ਤੇ 8 ਸਿਲੰਡਰ? ਕੁੜੀਆਂ ਨੂੰ ਮਿਲਣਗੀਆਂ ਸਕੂਟਰੀਆਂ

ਚੋਣਾਂ ਦਾ ਮਾਹੌਲ ਹੈ ਅਤੇ ਵੱਖ ਵੱਖ ਪਾਰਟੀਆਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪੇਸ਼ਕਸ਼ਾਂ ਕਰ ਰਹੀਆਂ ਹਨ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਜੇਕਰ ਉਨ੍ਹਾਂ ਦੀ ਪੰਜਾਬ ਵਿੱਚ ਸਰਕਾਰ ਬਣਦੀ ਹੈ ਤਾਂ ਔਰਤਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਉਸ ਸਮੇਂ ਦੂਸਰੀਆਂ ਪਾਰਟੀਆਂ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰ ਰਹੇ ਸਨ

ਕਿ ਇਹ ਪੈਸਾ ਕਿੱਥੋਂ ਆਵੇਗਾ? ਪੰਜਾਬ ਦੇ ਖ਼ਜ਼ਾਨੇ ਵਿੱਚ ਤਾਂ ਪਹਿਲਾਂ ਹੀ ਪੈਸਾ ਨਹੀਂ ਹੈ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪੰਜਾਬ ਵਿੱਚ ਸਰਕਾਰ ਬਣਦੀ ਹੈ ਤਾਂ ਸਰਕਾਰ ਔਰਤਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵੇਗੀ। ਇਕ ਸਾਲ ਵਿਚ ਇੱਕ ਔਰਤ ਨੂੰ 8 ਗੈਸ ਸਿਲੰਡਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜਿਹੜੀ ਲੜਕੀ ਪੰਜਵੀਂ ਜਮਾਤ ਪਾਸ ਕਰ ਲਵੇਗੀ, ਉਸ ਦੀ ਹੌਸਲਾ ਅਫ਼ਜ਼ਾਈ ਵਾਸਤੇ ਉਸ ਨੂੰ 5 ਹਜ਼ਾਰ ਰੁਪਏ ਦਿੱਤੇ ਜਾਣਗੇ।

10ਵੀਂ ਜਮਾਤ ਪਾਸ ਕਰਨ ਵਾਲੀ ਲੜਕੀ ਨੂੰ 15 ਹਜ਼ਾਰ ਰੁਪਏ ਅਤੇ 12ਵੀਂ ਜਮਾਤ ਪਾਸ ਕਰਨ ਵਾਲੀ ਲੜਕੀ ਨੂੰ 20 ਹਜ਼ਾਰ ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ। ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਵੀ ਅੱਗੇ ਵਧ ਕੇ ਇੱਕ ਹੋਰ ਐਲਾਨ ਕੀਤਾ ਕਿ ਜਿਹੜੀ ਲੜਕੀ ਕਾਲਜ ਦੀ ਪੜ੍ਹਾਈ ਕਰੇਗੀ ਉਸ ਨੂੰ ਇਕ ਸਕੂਟਰੀ ਅਤੇ ਇੱਕ ਟੇਬਲੈੱਟ ਦਿੱਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਦੇ ਦੱਸਣ ਮੁਤਾਬਕ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਹੋਂਦ ਵਿੱਚ ਆਉਂਦੀ ਹੈ ਤਾਂ ਔਰਤਾਂ ਵਾਸਤੇ ਜਾਇਦਾਦ ਦੀ ਰਜਿਸਟਰੀ ਫ਼ੀਸ ਮੁਆਫ਼ ਕਰ ਦਿੱਤੀ ਜਾਵੇਗੀ।

ਜੇਕਰ ਕਿਸੇ ਔਰਤ ਦੇ ਨਾਮ ਕੋਈ ਜਾਇਦਾਦ ਕਰਵਾਈ ਜਾਂਦੀ ਹੈ ਤਾਂ ਉਸ ਤੇ ਕੋਈ ਫੀਸ ਨਹੀਂ ਹੋਵੇਗੀ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਤੰਜ ਕੱਸੇ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਬੋਹੜ ਦਾ ਦਰੱਖ਼ਤ ਪੁੱਟ ਦਿੱਤਾ ਹੈ। ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਵਾਅਦੇ ਤਾਂ ਲੋਕਾਂ ਨਾਲ ਬਹੁਤ ਕਰਦੀਆਂ ਹਨ ਪਰ ਉਹ ਵਾਅਦੇ ਨਿਭਾਏ ਜਾਂਦੇ ਹਨ ਜਾਂ ਨਹੀਂ ਉਹ ਤਾਂ ਚੋਣਾਂ ਤੋਂ ਬਾਅਦ ਹੀ ਪਤਾ ਲੱਗਦਾ ਹੈ।

Leave a Reply

Your email address will not be published. Required fields are marked *