ਸੋਨੂੰ ਸੂਦ ਦੀ ਭੈਣ ਹੋਈ ਕਾਂਗਰਸ ਚ ਸ਼ਾਮਿਲ, ਸ਼ਾਮਿਲ ਹੋਣ ਤੋਂ ਬਾਅਦ ਸੋਨੂੰ ਸੂਦ ਨੇ ਕਰ ਦਿੱਤਾ ਵੱਡਾ ਐਲਾਨ

ਪ੍ਰਸਿੱਧ ਅਦਾਕਾਰ ਅਤੇ ਸਮਾਜ ਸੇਵਕ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ੁਦ ਮਾਲਵਿਕਾ ਸੂਦ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਸਮੇਂ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੇ ਸੂਦ ਪਰਿਵਾਰ ਦੀ ਬਹੁਤ ਪ੍ਰਸੰਸਾ ਕੀਤੀ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਸੋਨੂੰ ਸੂਦ ਨੇ ਅਦਾਕਾਰੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਜਦੋਂ ਕੋਰੋਨਾ ਕਾਲ ਦੌਰਾਨ ਸੜਕੀ ਆਵਾਜਾਈ ਬੰਦ ਹੋ ਗਈ ਸੀ ਤਾਂ ਸੋਨੂੰ ਸੂਦ ਨੇ ਜਹਾਜ਼ ਤੱਕ ਚਲਾ ਦਿੱਤੇ। ਉਨ੍ਹਾਂ ਨੇ ਮਾਲਵਿਕਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ਇਕ ਸ਼ੁਭ ਸ਼ਗਨ ਦੱਸਿਆ। ਮੁੱਖ ਮੰਤਰੀ ਦੇ ਦੱਸਣ ਮੁਤਾਬਕ ਮਾਲਵਿਕਾ ਸੂਦ ਹੀ ਮੋਗਾ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਅਤੇ ਮੌਜੂਦਾ ਵਿਧਾਇਕ ਹਰਜੋਤ ਕਮਲ ਨੂੰ ਕਿਸੇ ਪਾਸੇ ਅਡਜਸਟ ਕਰ ਲਿਆ ਜਾਵੇਗਾ। ਮੁੱਖ ਮੰਤਰੀ ਦਾ ਇਹ ਵੀ ਕਹਿਣਾ ਸੀ ਕਿ ਉਹ ਖ਼ੁਦ ਹਰਜੋਤ ਕਮਲ ਨੂੰ ਮਿਲਣ ਲਈ ਜਾ ਰਹੇ ਹਨ।

ਨਵਜੋਤ ਸਿੱਧੂ ਨੇ ਮਾਲਵਿਕਾ ਸੁੂਦ ਨੂੰ ਗੇਮ ਚੇਂਜਰ ਦੱਸਿਆ ਜੋ ਆਪਣੀ ਸੀਟ ਦੇ ਨਾਲ ਨਾਲ ਹੋਰ ਸੀਟਾਂ ਤੇ ਵੀ ਅਸਰ ਪਾ ਸਕਦੇ ਹਨ। ਦੋਵੇਂ ਨੇਤਾਵਾਂ ਨੇ ਮਾਲਵਿਕਾ ਸੂਦ ਨੂੰ ਮੋਗਾ ਤੋਂ ਕਾਂਗਰਸ ਦੇ ਉਮੀਦਵਾਰ ਦੱਸਿਆ। ਮਾਲਵਿਕਾ ਸੂਦ ਨੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਧੰਨਵਾਦ ਕੀਤਾ, ਜਿਹੜੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਹਨ। ਮਾਲਵਿਕਾ ਸੂਦ ਨੇ ਭਰੋਸਾ ਦਿੱਤਾ ਕਿ ਜੇਕਰ ਰਾਤ ਸਮੇਂ ਵੀ ਕਿਸੇ ਨਾਗਰਿਕ ਨੂੰ ਉਨ੍ਹਾਂ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਤਾਂ

ਉਹ ਜ਼ਰੂਰ ਆਪਣੇ ਇਲਾਕੇ ਦੇ ਨਾਗਰਿਕਾਂ ਦੀ ਮਦਦ ਲਈ ਪਹੁੰਚਣਗੇ। ਇੱਥੇ ਦੱਸਣਾ ਬਣਦਾ ਹੈ ਕਿ ਇਕ ਦਿਨ ਪਹਿਲਾਂ ਹੀ ਇਹ ਤੈਅ ਹੋ ਗਿਆ ਸੀ ਕਿ ਮਾਲਵਿਕਾ ਸੂਦ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ। ਜਿਸ ਕਰਕੇ ਮੌਜੂਦਾ ਵਿਧਾਇਕ ਹਰਜੋਤ ਕਮਲ ਨੇ ਆਪਣੇ ਨਿਵਾਸ ਸਥਾਨ ਤੇ ਆਪਣੇ ਸਮਰਥਕਾਂ ਦਾ ਇਕੱਠ ਕਰ ਕੇ ਆਪਣੀ ਪਾਰਟੀ ਤੇ ਪ੍ਰਭਾਵ ਪਾਉਣ ਦਾ ਯਤਨ ਵੀ ਕੀਤਾ ਸੀ। ਸੋਨੂੰ ਸੂਦ ਦਾ ਕਹਿਣਾ ਹੈ ਕਿ ਇੱਜਤ ਕਮਾਈ ਜਾਂਦੀ ਹੈ, ਖਰੀਦੀ ਨਹੀਂ ਜਾਂਦੀ।

ਉਹ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ। ਜੇਕਰ ਕੋਈ ਵਿਅਕਤੀ ਉਨ੍ਹਾਂ ਤੋਂ ਮਦਦ ਚਾਹੁੰਦਾ ਹੈ ਤਾਂ ਉਹ ਜ਼ਰੂਰ ਕਰਨਗੇ, ਭਾਵੇਂ ਉਹ ਵਿਅਕਤੀ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਸੋਨੂੰ ਸੂਦ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਹਰਜੋਤ ਕਮਲ ਨੂੰ ਫੋਨ ਕਰਕੇ ਸੱਦਾ ਦਿੱਤਾ ਸੀ। ਉਨ੍ਹਾਂ ਨੇ ਹਰਜੋਤ ਕਮਲ ਨੂੰ ਇਕ ਵਧੀਆ ਇਨਸਾਨ ਦੱਸਦੇ ਹੋਏ ਕਿਹਾ ਕਿ ਉਹ ਹਰਜੋਤ ਕਮਲ ਨਾਲ ਬੈਠ ਕੇ ਮਸਲਾ ਸੁਲਝਾ ਲੈਣਗੇ।

Leave a Reply

Your email address will not be published. Required fields are marked *