23 ਸਾਲਾ ਫੌਜੀ ਦੀ ਮ੍ਰਿਤਕ ਦੇਹ ਨੂੰ ਪਿੰਡ ਦੀ ਫਿਰਨੀ ਤੇ ਛੱਡਕੇ ਚਲੇ ਗਏ ਫੌਜੀ

ਗੁਰਦਾਸਪੁਰ ਦੇ ਕਸਬਾ ਦੀਨਾਨਗਰ ਨੇੜੇ ਪੈਂਦੇ ਪਿੰਡ ਵਜ਼ੀਰਪੁਰ ਦੇ ਵਾਸੀਆਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੇੜੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਮਾਮਲਾ 23 ਸਾਲਾ ਇਕ ਫ਼ੌਜੀ ਜਵਾਨ ਦੀ ਜਾਨ ਜਾਣ ਨਾਲ ਜੁੜਿਆ ਹੋਇਆ ਹੈ। ਫ਼ੌਜੀ ਜਵਾਨ ਅਮਰਪਾਲ ਸਿੰਘ ਦੀ ਅਸਾਮ ਦੇ ਤੇਜ਼ਪੁਰ ਵਿਚ ਡਿਊਟੀ ਦੌਰਾਨ ਜਾਨ ਚਲੀ ਗਈ ਹੈ। ਇਹ ਉਥੇ 7 ਜਵਾਨ ਤਾਇਨਾਤ ਸਨ। ਆਰਮੀ ਵਲੋਂ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੇ ਪਿੰਡ ਦੇ ਅਮਰਪਾਲ ਸਿੰਘ ਦੀ ਜਾਨ ਚਲੀ ਗਈ ਹੈ।

ਜਦੋਂ ਸਰਪੰਚ ਨੇ ਫੌਜੀ ਦੇ ਪਿਤਾ ਨੂੰ ਇਹ ਗੱਲ ਦੱਸੀ ਤਾਂ ਪਿਤਾ ਦਲੀਪ ਸਿੰਘ ਨੇ ਆਪਣੇ ਪੁੱਤਰ ਦੇ ਨੰਬਰ ਤੇ ਫੋਨ ਕੀਤਾ। ਜਿਸ ਤੇ ਦਲੀਪ ਸਿੰਘ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਨੇ ਖ਼ੁਦ ਹੀ ਗੋਲੀ ਚਲਾ ਕੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਹੈ, ਉਸ ਸਮੇਂ ਸੀਨੀਅਰ ਅਧਿਕਾਰੀ ਨਹਾ ਰਿਹਾ ਸੀ। ਜਦੋਂ ਅਮਰਪਾਲ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਹੁੰਚੀ ਤਾਂ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚਾਉਣ ਦੀ ਬਜਾਏ ਆਰਮੀ ਦੀ ਗੱਡੀ ਮ੍ਰਿਤਕ ਦੇਹ ਨੂੰ

ਪਿੰਡ ਦੀ ਫਿਰਨੀ ਉੱਤੇ ਉਤਾਰ ਕੇ ਹੀ ਵਾਪਸ ਚਲੀ ਗਈ। ਜਦੋਂ ਪਰਿਵਾਰ ਨੇ ਮ੍ਰਿਤਕ ਦੇਹ ਵਾਲਾ ਬਕਸਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਹੋਰ ਵੀ ਧੱਕਾ ਲੱਗਾ। ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟਣ ਦੀ ਬਜਾਏ ਇੱਕ ਲਿਫ਼ਾਫ਼ੇ ਵਿੱਚ ਪੈਕ ਕੀਤੀ ਹੋਈ ਸੀ ਅਤੇ ਇਸ ਲਿਫ਼ਾਫ਼ੇ ਨੂੰ ਬਕਸੇ ਵਿੱਚ ਰੱਖਿਆ ਗਿਆ ਸੀ। ਪਰਿਵਾਰ ਨੂੰ ਸ਼ਿਕਵਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਨਿ ਰਾ ਦ ਰ ਕੀਤਾ ਗਿਆ ਹੈ। ਉਸ ਦੀ ਮ੍ਰਿਤਕ ਦੇਹ ਤਿਰੰਗੇ ਵਿਚ ਲਪੇਟ ਕੇ ਲਿਆਉਣੀ ਚਾਹੀਦੀ ਸੀ ਅਤੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਮ ਸਸਕਾਰ ਕੀਤਾ ਜਾਣਾ ਸੀ।

ਜਿਸ ਕਰਕੇ ਪਰਿਵਾਰ ਅਤੇ ਹੋਰ ਸਬੰਧੀਆਂ ਨੇ ਮ੍ਰਿਤਕ ਦੇਹ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਲਿਆ ਕੇ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇ। ਉਸ ਨੂੰ ਸ਼ਹੀਦ ਕਰਾਰ ਦਿੱਤਾ ਜਾਵੇ। ਉਨ੍ਹਾਂ ਦੇ ਪੁੱਤਰ ਦੀ ਜਾਨ ਜਾਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ। ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਖੁਦ ਜਾਨ ਨਹੀਂ ਦਿੱਤੀ ਸਗੋਂ ਉਸ ਦੀ ਜਾਨ ਲਈ ਗਈ ਹੈ। ਉਨ੍ਹਾਂ ਇਹ ਸਪਸ਼ਟ ਕੀਤਾ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

Leave a Reply

Your email address will not be published.