ਆਪਣੇ ਪ੍ਰਾਈਵੇਟ ਜਹਾਜ਼ ਚ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਿਆ ਗੁਜਰਾਤੀ ਪਰਿਵਾਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦਾ ਪੂਰੀ ਦੁਨੀਆਂ ਵਿੱਚ ਵੱਖਰਾ ਹੀ ਸਥਾਨ ਹੈ। ਇਸ ਨੂੰ ਰੂਹਾਨੀਅਤ ਦਾ ਕੇਂਦਰ ਕਿਹਾ ਜਾਂਦਾ ਹੈ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਇਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਕੋਲੋਂ ਰਖਵਾਈ ਸੀ। ਇਸ ਰੂਹਾਨੀਅਤ ਦੇ ਕੇਂਦਰ ਦੇ 4 ਦਰਵਾਜ਼ੇ ਹਨ। ਇੱਥੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਹਰ ਸਿੱਖ ਇਸ ਥਾਂ ਤੇ ਨਤਮਸਤਕ ਹੋ ਕੇ ਧੰਨ ਹੋ ਜਾਂਦਾ ਹੈ।

ਇੱਥੇ ਪਹੁੰਚ ਕੇ ਜੋ ਮਨ ਨੂੰ ਆਨੰਦ ਮਿਲਦਾ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਕਰਕੇ ਹਰ ਧਰਮ ਦੇ ਵਿਅਕਤੀ ਇੱਥੇ ਆ ਕੇ ਸੀਸ ਝੁਕਾਉਂਦੇ ਹਨ। ਸਿਰਫ਼ ਭਾਰਤੀ ਹੀ ਨਹੀਂ, ਸਗੋਂ ਜਦੋਂ ਕੋਈ ਵਿਦੇਸ਼ ਤੋਂ ਪ੍ਰਮੁੱਖ ਸ਼ਖ਼ਸ ਪੰਜਾਬ ਆਉਂਦਾ ਹੈ ਤਾਂ ਉਹ ਵੀ ਇਸ ਥਾਂ ਤੇ ਸੀਸ ਝੁਕਾਉਣ ਲਈ ਪਹੁੰਚਦਾ ਹੈ। ਅੱਜ ਅਸੀਂ ਗੱਲ ਕਰਦੇ ਹਾਂ ਗੁਜਰਾਤ ਦੇ ਅਹਿਮਦਾਬਾਦ ਦੇ ਇਕ ਅਜਿਹੇ ਪਰਿਵਾਰ ਦੀ ਜੋ ਆਪਣਾ ਜਹਾਜ਼ ਲੈ ਕੇ ਵਿਸ਼ੇਸ਼ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਲਈ ਪਹੁੰਚਿਆ।

ਇਸ ਪਰਿਵਾਰ ਵਿੱਚ 4 ਪੀੜ੍ਹੀਆਂ ਦੇ ਜੀਅ ਮੌਜੂਦ ਸਨ। ਪਹਿਲਾਂ ਇਹ ਲੋਕ ਧਰਮਸ਼ਾਲਾ ਉੱਤਰੇ ਅਤੇ ਫੇਰ ਹਰਿਮੰਦਰ ਸਾਹਿਬ ਪਹੁੰਚੇ। ਇਸ ਪਰਿਵਾਰ ਦਾ ਅਸੂਲ ਹੈ ਕਿ ਉਹ ਹਰ ਸਾਲ 4 ਪੀੜ੍ਹੀਆਂ ਦੇ ਜੀਅ ਕਿਤੇ ਨਾ ਕਿਤੇ ਜ਼ਰੂਰ ਜਾਂਦੇ ਹਨ। ਇਸ ਵਾਰ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦਾ ਪ੍ਰੋਗਰਾਮ ਬਣਾਇਆ। ਸਾਰਾ ਪਰਿਵਾਰ ਇੱਥੇ ਆ ਕੇ ਬਹੁਤ ਪ੍ਰਭਾਵਤ ਹੋਇਆ। ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਕਿਉਂਕਿ ਇੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ।

ਪੂਰੇ ਵਿਸ਼ਵ ਦੇ ਲੋਕਾਂ ਲਈ ਸੁੱਖ ਮੰਗੀ ਜਾਂਦੀ ਹੈ। ਬਹੁਤ ਵੱਡੀ ਗਿਣਤੀ ਵਿਚ ਸੰਗਤ ਮਿਲ ਕੇ ਇੱਕ ਥਾਂ ਬੈਠ ਕੇ ਪ੍ਰਸ਼ਾਦਾ ਛਕਦੀ ਹੈ। ਅਹਿਮਦਾਬਾਦ ਦੇ ਇਸ ਪਰਿਵਾਰ ਨੇ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਕੇਂਦਰ ਵੱਲੋਂ ਇਸ ਪਰਿਵਾਰ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਥਾਂ ਤੇ ਜੋ ਵੀ ਸ਼ਰਧਾ ਰੱਖ ਕੇ ਆਉਂਦਾ ਹੈ, ਉਸ ਨੂੰ ਦਿਲੀ ਖ਼ੁਸ਼ੀ ਮਹਿਸੂਸ ਹੁੰਦੀ ਹੈ।

Leave a Reply

Your email address will not be published. Required fields are marked *