ਪੰਜਾਬੀ ਆਪਣੇ ਮਿਹਨਤੀ ਸੁਭਾਅ ਲਈ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਹਨ। ਉਹ ਜਿੱਥੇ ਵੀ ਗਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਦੁਨੀਆਂ ਦੇ ਕਾਫੀ ਮੁਲਕਾਂ ਵਿੱਚ ਭਾਰਤੀ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ।ਕੁਝ ਸਮੇਂ ਤੋਂ ਵਿਦੇਸ਼ਾਂ ਤੋਂ ਭਾਰਤੀਆਂ ਨਾਲ ਜੁੜੀਆਂ ਹੋਈਆਂ ਬੁਰੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ।
ਕਿਸੇ ਦੀ ਪਾਣੀ ਵਿੱਚ ਡੁੱਬ ਜਾਣ ਕਾਰਨ ਜਾਨ ਚਲੀ ਗਈ। ਕੋਈ ਸੜਕ ਹਾਦਸੇ ਦੀ ਭੇਟ ਚੜ੍ਹ ਗਿਆ। ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ। ਜਦੋਂ ਅਜਿਹੀ ਖਬਰ ਮੀਡੀਆ ਵਿੱਚ ਆਉਂਦੀ ਹੈ ਤਾਂ ਪੂਰੇ ਭਾਈਚਾਰੇ ਦਾ ਮਨ ਝੰਜੋੜਿਆ ਜਾਂਦਾ ਹੈ। ਹੁਣ ਅਜਿਹੀ ਇੱਕ ਖਬਰ ਯੂ ਕੇ ਤੋਂ ਸਾਹਮਣੇ ਆਈ ਹੈ। ਘਟਨਾ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਵਾਪਰੀ ਹੈ।
ਅਸਲ ਵਿੱਚ ਇੱਥੇ ਜੰਗਲੀ ਇਲਾਕੇ ਵਿੱਚੋਂ ਪੁਲਿਸ ਨੂੰ ਇੱਕ ਵਿਅਕਤੀ ਦੀ ਮਿਰਤਕ ਦੇਹ ਬਰਾਮਦ ਹੋਈ ਹੈ। ਜਦੋਂ ਇਸ ਮਿਰਤਕ ਦੇਹ ਦੀ ਸ਼ਨਾਖਤ ਕਰਵਾਈ ਗਈ ਤਾਂ ਪਤਾ ਲੱਗਾ ਕਿ ਇਸ ਦਾ ਨਾਮ ਹਰਜਿੰਦਰ ਹੈਰੀ ਤੱਖਰ ਹੈ। ਉਸ ਦੀ ਉਮਰ ਲਗਭਗ 58 ਸਾਲ ਹੈ। ਉਹ ਆਪਣੇ ਪਿੱਛੇ 4 ਬੱਚਿਆਂ ਅਤੇ ਪਤਨੀ ਨੂੰ ਛੱਡ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਪੁਲਿਸ ਕਈ ਮਹੀਨੇ ਤੋਂ ਹਰਜਿੰਦਰ ਤੱਖਰ ਦੀ ਭਾਲ ਕਰ ਰਹੀ ਸੀ। ਉਹ ਅਕਤੂਬਰ 2022 ਤੋਂ ਲਾਪਤਾ ਸੀ। ਇਸ ਸਬੰਧ ਵਿੱਚ ਪੁਲਿਸ ਵੱਲੋਂ ਆਮ ਜਨਤਾ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਹਰਜਿੰਦਰ ਤੱਖਰ ਦੀ ਕੋਈ ਉੱਘ ਸੁੱਘ ਨਹੀਂ ਸੀ ਲੱਗ ਰਹੀ।
ਉਸ ਦੀ ਮਿਰਤਕ ਦੇਹ ਮਿਲਣ ਤੇ ਪੁਲਿਸ ਨੇ ਮਿਰਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ। ਪੁਲਿਸ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਪੁਲਿਸ ਦੀ ਮੱਦਦ ਕੀਤੀ। ਹਰਜਿੰਦਰ ਤੱਖਰ ਨੂੰ ਲੱਭਣ ਲਈ ਸੋਸ਼ਲ ਮੀਡੀਆ ਤੇ ਇੱਕ ਗਰੁੱਪ ਬਣਾਇਆ ਗਿਆ ਸੀ। ਜਿਸ ਦੇ ਜਰੀਏ ਲਗਭਗ 8000 ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਸਹਿਯੋਗ ਦੇਣ ਲਈ ਸੰਦੇਸ਼ ਭੇਜੇ ਗਏ ਸਨ।
ਕਿਹਾ ਜਾ ਰਿਹਾ ਹੈ ਕਿ ਹਰਜਿੰਦਰ ਤੱਖਰ ਇੱਕ ਜ਼ਿੰਦਾਦਿਲ ਇਨਸਾਨ ਸੀ। ਉਹ ਹੋਰਾਂ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਫਿਲਹਾਲ ਪੁਲਿਸ ਨੂੰ ਉਸ ਦੀ ਜਾਨ ਜਾਣ ਪਿੱਛੇ ਕੋਈ ਸ਼ੱਕੀ ਹਾਲਾਤ ਨਜ਼ਰ ਨਹੀਂ ਆ ਰਹੇ ਪਰ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਉਪਰੰਤ ਅਸਲ ਸਚਾਈ ਸਾਹਮਣੇ ਆ ਜਾਵੇਗੀ।