ਅਸੀਂ ਦੇਖਦੇ ਹਾਂ ਕਿ ਕਈ ਲੋਕ ਖ਼ਰਗੋਸ਼, ਕਬੂਤਰ, ਤਿੱਤਰ, ਤੋਤੇ ਜਾਂ ਕੁੱਤੇ ਆਦਿ ਪਾਲਤੂ ਜਾਨਵਰਾਂ ਦੇ ਤੌਰ ਤੇ ਪਾਲਦੇ ਹਨ। ਹਰ ਕਿਸੇ ਦੇ ਵੱਖਰੇ ਵੱਖਰੇ ਸ਼ੌਕ ਹਨ। ਆਪਣੀ ਪਸੰਦ ਮੁਤਾਬਕ ਕੁਝ ਲੋਕ ਹੋਰ ਵੀ ਜਾਨਵਰ ਰੱਖਦੇ ਹਨ। ਹੁਣ ਤਾਂ ਕਈ ਲੋਕਾਂ ਨੇ ਟਮੈਂਡੂਆ ਨਾਮ ਦੇ ਜੀਵ ਨੂੰ ਪਾਲਤੂ ਜੀਵ ਦੇ ਤੌਰ ਤੇ ਪਾਲਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਵਿਅਕਤੀ ਟਮੈਂਡੂਆ ਬਾਰੇ ਬਿਲਕੁਲ ਵੀ ਨਹੀਂ ਜਾਣਦੇ। ਅੱਜ ਅਸੀਂ ਤੁਹਾਨੂੰ ਇਸ ਜੀਵ ਬਾਰੇ ਜਾਣਕਾਰੀ ਦੇ ਰਹੇ ਹਾਂ।
ਇਸ ਦਾ ਮੂੰਹ ਲੰਬਾ ਹੁੰਦਾ ਹੈ। ਇਸ ਦੇ ਪੰਜੇ ਮੁੜੇ ਹੋਏ ਅਤੇ ਤਿੱਖੇ ਹੁੰਦੇ ਹਨ। ਭਾਵੇਂ ਇਸ ਦੀ ਨਜ਼ਰ ਘੱਟ ਹੁੰਦੀ ਹੈ ਪਰ ਇਸ ਦੀ ਸੁੰਘਣ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ। ਜਿਸ ਦੀ ਮਦਦ ਨਾਲ ਇਹ ਆਪਣੀ ਖੁਰਾਕ ਤੱਕ ਪਹੁੰਚ ਜਾਂਦਾ ਹੈ। ਟਮੈਂਡੂਆ ਦੀ ਮੁਖ ਖੁਰਾਕ ਕੀੜੀਆਂ ਹਨ। ਇਹ ਇੱਕ ਦਿਨ ਵਿੱਚ 9 ਹਜ਼ਾਰ ਦੇ ਲਗਭਗ ਕੀੜੀਆਂ ਖਾ ਜਾਂਦਾ ਹੈ। ਆਪਣੀ ਖੁਰਾਕ ਦੀ ਭਾਲ ਵਿੱਚ ਉਹ 3 ਕਿਲੋਮੀਟਰ ਤੱਕ ਚਲਾ ਜਾਂਦਾ ਹੈ ਅਤੇ ਜ਼ਮੀਨ ਨੂੰ ਪੁੱਟ ਕੇ ਆਪਣੀ ਖੁਰਾਕ ਲੱਭਦਾ ਰਹਿੰਦਾ ਹੈ।
ਆਪਣੇ ਮਜ਼ਬੂਤ ਪੰਜਿਆਂ ਦੀ ਮਦਦ ਨਾਲ ਇਹ ਜੀਵ ਦਰਖ਼ਤਾਂ ਤੇ ਚੜ੍ਹ ਕੇ ਆਪਣੀ ਖੁਰਾਕ ਲੱਭਦਾ ਹੈ। ਅੰਜੀਰ ਦੇ ਰੁੱਖ ਤੇ ਜ਼ਿਆਦਾ ਕੀੜੀਆਂ ਮਿਲਦੀਆਂ ਹਨ। ਇਨ੍ਹਾਂ ਨੂੰ ਸੁੰਘਦਾ ਹੋਇਆ ਟਮੈਂਡੂਆ ਇਨ੍ਹਾਂ ਤਕ ਪਹੁੰਚ ਜਾਂਦਾ ਹੈ। ਉਸ ਦੀ ਲੰਬੀ ਅਤੇ ਚਿਪਚਿਪੀ ਜੀਭ ਖੁਰਾਕ ਖਾਣ ਵਿੱਚ ਇਸ ਜੀਵ ਦੀ ਮਦਦ ਕਰਦੀ ਹੈ।