ਜਿਉਂਦੇ ਬੰਦੇ ਦੀ ਹਾਜ਼ਰੀ ਚ ਪਾ ਦਿੱਤਾ ਉਸੇ ਦਾ ਭੋਗ

ਜਿਸ ਇਨਸਾਨ ਦਾ ਜਨਮ ਹੋਇਆ ਹੈ, ਉਸ ਨੇ ਇੱਕ ਦਿਨ ਇਸ ਦੁਨੀਆਂ ਤੋ ਜਾਣਾ ਜ਼ਰੂਰ ਹੈ। ਇਹ ਅਟੱਲ ਸਚਾਈ ਹੈ। ਕਿਸੇ ਵਿਅਕਤੀ ਦੇ ਹਮੇਸ਼ਾ ਲਈ ਅੱਖਾਂ ਬੰਦ ਕਰ ਲੈਣ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਅਤੇ ਸਕੇ ਸਬੰਧੀ ਆਪਣੇ ਧਰਮ ਅਨੁਸਾਰ ਕਿਰਿਆ ਕਰਮ ਕਰਦੇ ਹਨ। ਮਿਰਤਕ ਵਿਅਕਤੀ ਦੀ ਆਤਮਿਕ ਸ਼ਾਂਤੀ ਲਈ ਆਪਣੇ ਧਰਮ ਮੁਤਾਬਕ ਪਾਠ ਪੂਜਾ ਕੀਤੀ ਜਾਂਦੀ ਹੈ।

ਮਿਰਤਕ ਦੇ ਨਾਮ ਤੇ ਗਰੀਬਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ ਅਤੇ ਕੱਪੜੇ ਆਦਿ ਦਾਨ ਦਿੱਤੇ ਜਾਂਦੇ ਹਨ ਪਰ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਮਾਜਰੀ ਸੋਢੀਆਂ ਤੋਂ ਇੱਕ ਅਜੀਬ ਖਬਰ ਸੁਣਨ ਨੂੰ ਮਿਲੀ ਹੈ। ਇਸ ਪਿੰਡ ਦੇ ਇੱਕ ਬਜ਼ੁਰਗ ਭਜਨ ਸਿੰਘ 5 ਸਾਲ ਪਹਿਲਾਂ ਖੁਦ ਹੀ ਆਪਣਾ ਭੋਗ ਪਵਾ ਚੁੱਕੇ ਹਨ।

ਉਨ੍ਹਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਵਾਇਆ। ਸਿਰਫ ਇੰਨਾ ਹੀ ਨਹੀਂ ਉਹ ਹਰ ਸਾਲ ਆਪਣੀ ਬਰਸੀ ਵੀ ਮਨਾਉਂਦੇ ਹਨ। ਇਸੇ ਸਬੰਧੀ ਉਨ੍ਹਾਂ ਨੇ ਆਪਣੀ ਪੰਜਵੀਂ ਬਰਸੀ ਮਨਾਈ ਹੈ। ਉਨ੍ਹਾ ਨੇ ਲੜਕੀਆਂ ਨੂੰ ਭੋਜਨ ਕਰਵਾਇਆ ਅਤੇ ਗਰੀਬਾਂ ਨੂੰ ਦਾਨ ਦੇ ਤੌਰ ਤੇ ਕੰਬਲ ਆਦਿ ਵੀ ਵੰਡੇ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਭਜਨ ਸਿੰਘ ਕੋਈ ਬਹੁਤ ਜ਼ਿਆਦਾ ਅਮੀਰ ਵਿਅਕਤੀ ਨਹੀਂ ਹੈ।

ਉਹ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਸਥਿਤ ਇੱਕ ਮਿੱਲ ਵਿੱਚ ਕੰਮ ਕਰਦੇ ਰਹੇ ਹਨ। ਉਹ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਹਨ ਅਤੇ ਧਾਰਮਿਕ ਵਿਚਾਰ ਰੱਖਦੇ ਹਨ। ਭਜਨ ਸਿੰਘ ਦਾ ਵਿਚਾਰ ਹੈ ਕਿ ਇਨਸਾਨ ਜੋ ਵੀ ਦਾਨ ਪੁੰਨ ਕਰਨਾ ਚਾਹੁੰਦਾ ਹੈ, ਉਹ ਉਸ ਨੂੰ ਖੁਦ ਆਪਣੇ ਹੱਥਾਂ ਨਾਲ ਕਰ ਲੈਣਾ ਚਾਹੀਦਾ ਹੈ।

ਇਸ ਨਾਲ ਹੀ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮਨੁੱਖ ਨੂੰ ਇਹ ਜਨਮ ਬੜੀ ਮੁਸ਼ਕਿਲ ਨਾਲ ਮਿਲਿਆ ਹੈ ਅਤੇ ਦੁਬਾਰਾ ਨਹੀਂ ਮਿਲਣਾ। ਇਸ ਲਈ ਸਾਨੂੰ ਧਰਮ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ।

ਸਾਨੂੰ ਆਪਣੀ ਕਮਾਈ ਵਿੱਚੋਂ ਕੁਝ ਨਾ ਕੁਝ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਜਦੋਂ ਤੱਕ ਉਨ੍ਹਾਂ ਵਿੱਚ ਹਿੰਮਤ ਰਹੀ, ਉਹ ਆਪਣੀ ਬਰਸੀ ਮਨਾਉਂਦੇ ਰਹਿਣਗੇ। ਇਲਾਕੇ ਵਿੱਚ ਭਜਨ ਸਿੰਘ ਦੇ ਇਸ ਕੰਮ ਦੀਆਂ ਗੱਲਾਂ ਹੁੰਦੀਆਂ ਹਨ।

Leave a Reply

Your email address will not be published. Required fields are marked *