ਵਿਗਿਆਨੀਆਂ ਮੁਤਾਬਕ ਮਨੁੱਖ ਨੂੰ ਅੱਜ ਵਾਲੀ ਸਥਿਤੀ ਵਿੱਚ ਪਹੁੰਚਣ ਲਈ ਹਜ਼ਾਰਾਂ ਲੱਖਾਂ ਸਾਲ ਲੱਗੇ ਹਨ। ਮਨੁੱਖੀ ਹੌਲੀ ਹੌਲੀ ਵਿਕਾਸ ਕਰਦਾ ਰਿਹਾ। ਪਹਿਲਾਂ ਉਹ ਜੰਗਲ ਵਿੱਚ ਰਹਿੰਦਾ ਸੀ ਅਤੇ ਜਾਨਵਰਾਂ ਦਾ ਕੱਚਾ ਮਾਸ ਖਾ ਕੇ ਗੁਜ਼ਾਰਾ ਕਰਦਾ ਸੀ। ਫੇਰ ਪਹੀਏ ਦੀ ਖੋਜ ਹੋਣ ਤੇ ਉਸ ਦੇ ਜੀਵਨ ਵਿੱਚ ਤਬਦੀਲੀ ਆਈ।
ਉਹ ਜਾਨਵਰਾਂ ਦੀ ਮੱਦਦ ਨਾਲ ਖੇਤੀ ਕਰਨ ਲੱਗਾ। ਇਸ ਤਰਾਂ ਹੀ ਉਸ ਨੂੰ ਖੇਤੀ ਦੇ ਕੰਮ ਲਈ ਮਸ਼ੀਨਰੀ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਅਸੀਂ ਗੱਲ ਕਰ ਰਹੇ ਹਾਂ, ਟਰੈਕਟਰ ਦੀ ਕਾਢ ਦੀ। ਉਨੀਵੀਂ ਸਦੀ ਵਿੱਚ ਖੇਤੀ ਲਈ ਮਸ਼ੀਨਰੀ ਦੀ ਖੋਜ ਹੋਣ ਲੱਗ ਪਈ।
ਸਭ ਤੋਂ ਪਹਿਲਾਂ ਭਾਫ ਨਾਲ ਚੱਲਣ ਵਾਲਾ ਇੱਕ ਇੰਜਣ ਤਿਆਰ ਕੀਤਾ ਗਿਆ। ਜਿਸ ਨੂੰ ਪਹੀਆਂ ਵਾਲੇ ਢਾਂਚੇ ਉੱਤੇ ਫਿੱਟ ਕੀਤਾ ਗਿਆ। ਇਸ ਨੂੰ ਬੈਲਟ ਦੀ ਮੱਦਦ ਨਾਲ ਗੇੜਾ ਆਉੰਦਾ ਸੀ। ਇਹ ਬਹੁਤ ਜ਼ਿਆਦਾ ਭਾਰਾ ਸੀ।
ਇਸ ਤਰਾਂ ਹੀ ਕਦਮ ਦਰ ਕਦਮ ਉਨੀਵੀਂ ਸਦੀ ਦੇ ਅਖੀਰ ਤੱਕ ਪਹਿਲੇ ਗੈਸ ਟਰੈਕਟਰ ਦਾ ਨਿਰਮਾਣ ਹੋ ਗਿਆ। ਜਿਸ ਤੋਂ ਆਮ ਤੌਰ ਤੇ ਫਸਲ ਦੀ ਗਹਾਈ ਦਾ ਕੰਮ ਲਿਆ ਜਾਂਦਾ ਸੀ ਪਰ 1905 ਤੱਕ ਇਹ ਟਰੈਕਟਰ ਜ਼ਮੀਨ ਵਾਹੁਣ ਬੀਜਣ ਲਈ ਵੀ ਵਰਤੇ ਜਾਣ ਲੱਗੇ।
ਇਹ ਟਰੈਕਟਰ ਵੀ ਕਾਫੀ ਭਾਰੀ ਸੀ। ਇਸ ਵਿੱਚ ਵੱਡਾ ਸਾਰਾ ਸਿਲੰਡਰ ਗੈਸ ਇੰਜਣ ਲਗਾਇਆ ਗਿਆ ਸੀ। 1913 ਵਿੱਚ ਇਸ ਵਿੱਚ ਹੋਰ ਸੁਧਾਰ ਕੀਤਾ ਗਿਆ। ਜਿਸ ਦੇ ਚਲਦੇ 2 ਅਤੇ 4 ਸਿਲੰਡਰਾਂ ਵਾਲੇ ਟਰੈਕਟਰ ਹੋੰਦ ਵਿੱਚ ਆ ਗਏ। ਪਹਿਲੀ ਵਾਰ 1931 ਵਿੱਚ ਡੀਜ਼ਲ ਨਾਲ ਚੱਲਣ ਵਾਲਾ ਇੰਜਣ ਬਣ ਕੇ ਤਿਆਰ ਹੋ ਗਿਆ।
ਜਿਹੜੇ ਟਰੈਕਟਰ ਅਸੀਂ ਅੱਜ ਦੇਖ ਰਹੇ ਹਾਂ, ਇਹ ਪੁਰਾਤਨ ਟਰੈਕਟਰ ਦਾ ਸੁਧਰਿਆ ਹੋਇਆ ਰੂਪ ਹੈ। ਇਹ ਰੂਪ ਲੈਣ ਲਈ ਇਸ ਨੂੰ ਅਨੇਕਾਂ ਪੜਾਵਾਂ ਵਿੱਚੋਂ ਲੰਘਣਾ ਪਿਆ। ਜਿਸ ਲਈ ਲਗਭਗ ਇੱਕ ਸਦੀ ਦਾ ਸਮਾਂ ਲੱਗ ਗਿਆ।
ਮਾਹਿਰ ਅਜੇ ਵੀ ਸਮੇਂ ਦੀ ਮੰਗ ਮੁਤਾਬਕ ਮੌਜੂਦਾ ਟਰੈਕਟਰਾਂ ਵਿੱਚ ਸੁਧਾਰ ਕਰੀ ਜਾ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਭਵਿੱਖ ਵਿੱਚ ਆਉਣ ਵਾਲੇ ਟਰੈਕਟਰ ਹੋਰ ਵੀ ਵਿਕਸਤ ਰੂਪ ਵਿੱਚ ਹੋਣਗੇ।