ਭਾਵੇਂ ਦਾਜ ਮੰਗਣਾ ਕਾ ਨੂੰ ਨੀ ਤੌਰ ਤੇ ਠੀਕ ਨਹੀਂ ਪਰ ਫੇਰ ਵੀ ਦਾਜ ਦੇ ਲਾਲਚੀ ਟਲਦੇ ਨਹੀਂ। ਫਿਰੋਜ਼ਪੁਰ ਤੋਂ ਸ਼ੀਨਾ ਨਾਮ ਦੀ ਇੱਕ ਵਿਆਹੁਤਾ ਆਪਣੇ ਸਹੁਰੇ ਪਰਿਵਾਰ ਤੇ ਦਾਜ ਮੰਗਣ ਦੇ ਦੋਸ਼ ਲਗਾਉਂਦੀ ਹੋਈ ਇਨਸਾਫ਼ ਦੀ ਮੰਗ ਕਰ ਰਹੀ ਹੈ। ਉਹ ਐੱਚ.ਡੀ.ਐੱਫ.ਸੀ ਬੈਂਕ ਵਿੱਚ ਨੌਕਰੀ ਕਰਦੀ ਹੈ। ਜਦੋਂ ਉਸ ਦੀ ਤਨਖ਼ਾਹ ਆਉਂਦੀ ਹੈ ਤਾਂ ਉਸ ਦਾ ਪਤੀ ਤੁਰੰਤ ਸਾਰੀ ਤਨਖ਼ਾਹ ਕਢਵਾ ਲੈਂਦਾ ਹੈ। ਉਸ ਦਾ ਵਿਆਹ ਸਾਢੇ 4 ਸਾਲ ਪਹਿਲਾਂ ਸੰਦੀਪ ਕਾਠਪਾਲ ਨਾਲ ਹੋਇਆ ਸੀ।
ਜੋ ਕਿ ਫਿਰੋਜ਼ਪੁਰ ਵਿਖੇ ਕਮਿਸ਼ਨਰ ਦਫ਼ਤਰ ਵਿੱਚ ਕਲਰਕ ਹੈ। ਸ਼ੀਨਾ ਢਾਈ ਸਾਲ ਦੀ ਇੱਕ ਬੇਟੀ ਦੀ ਮਾਂ ਹੈ। ਸ਼ੀਨਾ ਦਾ ਦੋਸ਼ ਹੈ ਕਿ ਉਸ ਦੇ ਪਿਤਾ ਨੇ ਵਿਆਹ ਸਮੇਂ ਦਾਜ ਵਿੱਚ ਆਈ-10 ਗੱਡੀ ਦਿੱਤੀ ਸੀ ਪਰ ਉਸ ਦੇ ਪਤੀ ਨੂੰ ਸ਼ਿਕਵਾ ਹੈ ਕਿ ਉਸ ਦੀ ਹੈਸੀਅਤ ਮੁਤਾਬਕ ਗੱਡੀ ਛੋਟੀ ਹੈ। ਸ਼ੀਨਾ ਮੁਤਾਬਕ ਹੁਣ ਜਦੋਂ ਸ਼ੀਨਾ ਦਾ ਪਿਤਾ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਤਾਂ ਸੰਦੀਪ ਕਾਠਪਾਲ ਨਕਦੀ ਦੀ ਮੰਗ ਕਰਨ ਲੱਗਾ। ਸ਼ੀਨਾ ਨੇ ਆਪਣੇ ਪਤੀ, ਸੱਸ, ਜੇਠ ਅਤੇ ਜਠਾਣੀ ਆਦਿ
ਤੇ ਕੁੱਟਮਾਰ ਕਰਨ ਦੇ ਵੀ ਦੋਸ਼ ਲਗਾਏ ਹਨ। ਉਸ ਨੂੰ ਸ਼ਿਕਵਾ ਹੈ ਕਿ ਪੁਲਿਸ ਵੀ ਉਸ ਦੀ ਸੁਣਵਾਈ ਨਹੀਂ ਕਰ ਰਹੀ। ਦੂਜੇ ਪਾਸੇ ਪੁਲਿਸ ਨੇ ਵਖ ਵਖ ਧਾਰਾਵਾਂ ਤਹਿਤ ਸ਼ੀਨਾ ਦੇ ਸਹੁਰੇ ਪਰਿਵਾਰ ਦੇ 4 ਜੀਆਂ ਤੇ ਮਾਮਲਾ ਦਰਜ ਕਰ ਲਿਆ ਹੈ। ਭਾਵੇਂ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਪਰ ਪੁਲਿਸ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।