ਕ੍ਰਿਕਟ ਖੇਡ ਨੂੰ ਵਿਸ਼ਵ ਪੱਧਰ ਤੇ ਪਸੰਦ ਕੀਤਾ ਜਾਂਦਾ ਹੈ। ਕਈ ਵਿਅਕਤੀ ਤਾਂ ਕ੍ਰਿਕਟ ਦੇ ਇਸ ਹੱਦ ਤੱਕ ਦੀਵਾਨੇ ਹਨ ਕਿ ਜਦੋਂ ਕ੍ਰਿਕਟ ਮੈਚ ਹੁੰਦਾ ਹੈ ਤਾਂ ਉਹ ਲਾਈਵ ਮੈਚ ਦੇਖਣ ਲਈ ਟੀ ਵੀ ਸਕਰੀਨ ਦੇ ਅੱਗੇ ਬੈਠੇ ਰਹਿੰਦੇ ਹਨ। ਜਦੋਂ ਵਿਸ਼ਵ ਪੱਧਰ ਤੇ ਕ੍ਰਿਕਟ ਦੇ ਮੈਚ ਹੁੰਦੇ ਹਨ ਤਾਂ ਵਿਦੇਸ਼ਾਂ ਵਿੱਚ ਜਾ ਕੇ ਵੀ ਮੈਚ ਦਾ ਅਨੰਦ ਮਾਣਿਆ ਜਾਂਦਾ ਹੈ।
ਖਿਡਾਰੀਆਂ ਨੂੰ ਕ੍ਰਿਕਟ ਖੇਡ ਨੇ ਜੋ ਵਿਸ਼ਵ ਪੱਧਰ ਤੇ ਪਛਾਣ ਦਿੱਤੀ ਹੈ, ਉਹ ਪਛਾਣ ਸ਼ਾਇਦ ਕਿਸੇ ਹੋਰ ਖੇਡ ਨੇ ਨਹੀਂ ਦਿੱਤੀ। ਸਰਕਾਰ ਵੱਲੋਂ ਆਪਣੇ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਦੇ ਨੌਜਵਾਨ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਦਾ ਜਨਮ 8 ਸਤੰਬਰ 1999 ਨੂੰ ਫਾਜ਼ਿਲਕਾ ਵਿਖੇ ਪਿਤਾ ਲਖਵਿੰਦਰ ਸਿੰਘ ਦੇ ਘਰ ਹੋਇਆ।
ਇੱਥੇ ਉਨ੍ਹਾਂ ਦੇ ਪਿਤਾ ਖੇਤੀ ਬਾੜੀ ਕਰਦੇ ਹਨ। 3 ਸਾਲ ਦੀ ਉਮਰ ਵਿੱਚ ਹੀ ਸ਼ੁਭਮਨ ਗਿੱਲ ਨੂੰ ਕ੍ਰਿਕਟ ਵਿੱਚ ਦਿਲਚਸਪੀ ਹੋ ਗਈ ਸੀ। ਇੱਥੋਂ ਤੱਕ ਕਿ ਉਹ ਖਿਡਾਉਣੇ ਦੇ ਰੂਪ ਵਿੱਚ ਵੀ ਬੈਟ-ਬਾਲ ਦੀ ਹੀ ਵਰਤੋਂ ਕਰਦੇ ਸਨ। ਉਨ੍ਹਾਂ ਨੂੰ ਕੋਈ ਹੋਰ ਖਿਡਾਉਣਾ ਚੰਗਾ ਹੀ ਨਹੀਂ ਸੀ ਲੱਗਦਾ।
ਉਹ ਆਪਣੇ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਬਾਲਿੰਗ ਕਰਨ ਲਈ ਕਹਿੰਦੇ ਅਤੇ ਆਪ ਬੈਟਿੰਗ ਕਰਦੇ। 8 ਸਾਲ ਦੀ ਉਮਰ ਵਿੱਚ ਸ਼ੁਭਮਨ ਗਿੱਲ ਮੋਹਾਲੀ ਆ ਗਏ। ਉਨ੍ਹਾਂ ਨੇ ਪੀ ਸੀ ਏ ਕ੍ਰਿਕਟ ਮੈਦਾਨ ਦੇ ਸਾਹਮਣੇ ਕਿਰਾਏ ਤੇ ਕਮਰਾ ਲੈ ਲਿਆ। ਇੱਥੇ ਉਹ ਕ੍ਰਿਕਟ ਸੰਸਥਾ ਵਿੱਚ ਕੋਚਿੰਗ ਲੈਣ ਲੱਗ ਪਏ।
ਜਲਦੀ ਹੀ ਉਹ ਕ੍ਰਿਕਟ ਦੀਆਂ ਬਰੀਕੀਆਂ ਨੂੰ ਸਮਝਣ ਲੱਗੇ। 2016-17 ਵਿੱਚ ਉਨ੍ਹਾਂ ਨੂੰ ਪਹਿਲੀ ਸ਼੍ਰੇਣੀ ਵਿੱਚ ਪੰਜਾਬ ਲਈ ਖੇਡਣ ਦਾ ਮੌਕਾ ਮਿਲਿਆ। ਫਰਵਰੀ 2017 ਵਿੱਚ ਸ਼ੁਭਮਨ ਵਿਜੇ ਹਜਾਰੇ ਟਰਾਫੀ ਵਿੱਚ ਅਤੇ ਨਵੰਬਰ 2017 ਵਿੱਚ ਹੀ ਰਣਜੀ ਟਰਾਫੀ ਲਈ ਖੇਡੇ। ਵਿਜੇ ਮਰਚੈਂਟ ਟਰਾਫੀ ਦੀ ਅੰਡਰ 16 ਟੀਮ ਵਿੱਚ ਸ਼ੁਭਮਨ ਦਾ ਪ੍ਰਦਰਸ਼ਨ ਸਲਾਹੁਣਯੋਗ ਰਿਹਾ।