ਸੂਬਾ ਸਰਕਾਰ ਅਤੇ ਪੁਲਿਸ ਵੱਲੋਂ ਦਾਅਵੇ ਅਤੇ ਵਾਅਦੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਹਨ ਪਰ ਸੂਬੇ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਹਨ। ਕਿੰਨੇ ਹੀ ਨੌਜਵਾਨ ਅਮਲ ਦੀ ਦਲਦਲ ਵਿੱਚ ਫਸ ਚੁੱਕੇ ਹਨ। ਅਮਲ ਪਦਾਰਥ ਵੇਚਣ ਵਾਲੇ ਦੋਵੇਂ ਹੱਥੀਂ ਕਮਾਈ ਕਰ ਰਹੇ ਹਨ। ਅਸੀਂ ਅੰਮ੍ਰਿਤਸਰ ਦੇ ਪਿੰਡ ਚਾਟੀਵਿੰਡ ਦੀ ਰਹਿਣ ਵਾਲੀ ਰਾਜਬੀਰ ਕੌਰ ਨਾਮ ਦੀ ਇੱਕ ਔਰਤ ਦੇ ਪਰਿਵਾਰ ਦੀ ਕਹਾਣੀ ਬਿਆਨ ਕਰ ਰਹੇ ਹਾਂ।
ਜਿਸ ਦੇ 3 ਪੁੱਤਰ ਅਮਲ ਪਦਾਰਥ ਦੀ ਵਰਤੋਂ ਕਰਨ ਦੀ ਬੁਰੀ ਆਦਤ ਵਿੱਚ ਪੈ ਕੇ ਇੱਕ ਇੱਕ ਕਰਕੇ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਉਸ ਦੇ ਇੱਕ ਪੁੱਤਰ ਦੀ ਮਿਰਤਕ ਦੇਹ ਘਰ ਵਿੱਚ ਪਈ ਹੈ ਪਰ ਗਰੀਬੀ ਹੋਣ ਕਾਰਨ ਰਾਜਬੀਰ ਕੌਰ ਆਪਣੇ ਪੁੱਤਰ ਦਾ ਅੰਤਮ ਸਸਕਾਰ ਕਰਨ ਦੀ ਹਾਲਤ ਵਿੱਚ ਵੀ ਨਹੀਂ ਹੈ। ਮਿਰਤਕਾਂ ਦੇ ਛੋਟੇ ਛੋਟੇ ਬੱਚੇ ਹਨ। ਰਾਜਬੀਰ ਕੌਰ ਗਰੀਬ ਪਰਿਵਾਰ ਨਾਲ ਸਬੰਧਤ ਹੈ।
ਉਸ ਨੇ ਪਿੰਡ ਦੇ ਲੋਕਾਂ ਦੇ ਪਸ਼ੂਆਂ ਦਾ ਗੋਹਾ ਚੁੱਕ ਦੇ ਹੋਏ ਮਜ਼ਦੂਰੀ ਕਰਕੇ ਬੱਚੇ ਪਾਲੇ ਸਨ। ਪੁੱਤਰਾਂ ਦੀਆਂ ਗ਼ਲਤ ਆਦਤਾਂ ਕਾਰਨ ਹਾਲ ਅਜਿਹੇ ਬਣ ਗਏ ਕਿ ਕਦੇ ਅਲੱਗ ਅਲੱਗ ਗੁਰੂ ਘਰਾਂ ਤੋਂ ਖਾਣਾ ਲਿਆਉਣਾ ਪੈਂਦਾ ਅਤੇ ਕਦੇ ਕਿਸੇ ਪਿੰਡ ਵਾਸੀ ਤੋਂ ਉਧਾਰ ਪੈਸੇ ਮੰਗਣੇ ਪੈਂਦੇ। ਉਸ ਤੋਂ ਵੀ ਵੱਡੀ ਗੱਲ ਇਹ ਕਿ ਇਨ੍ਹਾਂ ਕੋਲ ਰਹਿਣ ਲਈ ਚੱਜ ਦੀ ਛੱਤ ਵੀ ਨਹੀਂ ਹੈ। ਰਾਜਬੀਰ ਕੌਰ ਨੂੰ ਸ਼ਿਕਵਾ ਹੈ ਕਿ ਅਮਲ ਪਦਾਰਥ ਵੇਚਣ ਵਾਲਿਆਂ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ।
ਨਹੀਂ ਤਾਂ ਸ਼ਾਇਦ ਅਜਿਹੇ ਹਾਲ ਨਾ ਹੁੰਦੇ। ਉਸ ਨੇ ਆਪਣੇ ਪੁੱਤਰਾਂ ਨੂੰ ਸੈਂਟਰ ਤੋਂ ਦਵਾਈ ਵੀ ਦਿਵਾਈ ਪਰ ਉਨ੍ਹਾਂ ਦੇ ਸਰੀਰ ਹੀ ਗਲ ਗਏ। ਰਾਜਬੀਰ ਕੌਰ ਦੀ ਸੂਬਾ ਸਰਕਾਰ ਤੋਂ ਮੰਗ ਹੈ ਕਿ ਸੂਬੇ ਵਿੱਚੋਂ ਅਮਲ ਦੀ ਵਿਕਰੀ ਬੰਦ ਕਰਵਾਈ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਦੇ ਸਿਰ ਤੇ ਛੱਤ ਨਹੀਂ, ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ।