ਅਜਨਾਲਾ ਥਾਣੇ ਵਾਲੀ ਘਟਨਾ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਕਈ ਸੁਆਲ ਚੁੱਕੇ ਹਨ।

ਮਜੀਠੀਆ ਮੁਤਾਬਕ ਅੱਜਕੱਲ੍ਹ ਪੰਜਾਬ ਦੇ ਜੋ ਹਾਲਾਤ ਬਣਦੇ ਜਾ ਰਹੇ ਹਨ, ਉਸ ਨੂੰ ਦੇਖਦੇ ਹੋਏ ਹਰ ਸ਼ਾਂਤੀ ਪਸੰਦ ਇਨਸਾਨ ਸੋਚੀਂ ਪੈ ਜਾਂਦਾ ਹੈ। ਜੋ ਵਿਅਕਤੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਹਿੰਦੂ-ਸਿੱਖ ਏਕਤਾ ਦਾ ਮੁਦਈ ਹੈ, ਉਹ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ।

ਉਨ੍ਹਾਂ ਨੇ ਪਿਛਲੇ ਸਮੇਂ ਬਾਰੇ ਕਿਹਾ ਕਿ ਖਰਾਬ ਮਾਹੌਲ ਦੇ ਚਲਦੇ ਪੰਜਾਬ ਵਿੱਚ ਲੱਖਾਂ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਦੀ ਬਜਾਏ ਆੜ ਲੈਣ ਦੇ ਦੋਸ਼ ਲਗਾਏ ਹਨ।

ਜਦਕਿ ਹਰ ਸਿੱਖ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਉਨ੍ਹਾਂ ਨੇ ਪੁਲਿਸ ਦੀ ਪ੍ਰਸੰਸਾ ਕੀਤੀ। ਮਜੀਠੀਆ ਮੁਤਾਬਕ ਡਿਊਟੀ ਕਰਦੇ ਸੀਨੀਅਰ ਪੁਲਿਸ ਅਧਿਕਾਰੀ ਦੇ ਸੱਟਾਂ ਲੱਗਣ ਕਾਰਨ 18 ਟਾਂਕੇ ਲਗਵਾਉਣੇ ਪਏ। ਸਾਨੂੰ ਸਾਰੇ ਮੁਲਾਜ਼ਮਾਂ ਦਾ ਪਤਾ ਲੈਣਾ ਚਾਹੀਦਾ ਹੈ।

ਮਜੀਠੀਆ ਦਾ ਤਰਕ ਹੈ ਕਿ ਇੱਕ ਗੁਰਸਿੱਖ ਦਾ ਹਿਰਦਾ ਬਹੁਤ ਵਿਸ਼ਾਲ ਹੁੰਦਾ ਹੈ। ਉਹ ਕਿਸੇ ਦੇ ਕੁਮੈੰਟਾਂ ਦੀ ਪਰਵਾਹ ਨਹੀਂ ਕਰਦਾ ਜਦਕਿ ਇਹ ਘਟਨਾ ਸੋਸ਼ਲ ਮੀਡੀਆ ਤੇ ਕੀਤੇ ਗਏ ਕੁਮੈੰਟਾਂ ਕਾਰਨ ਹੀ ਹੋੰਦ ਵਿੱਚ ਆਈ ਹੈ। ਮਜੀਠੀਆ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਥਾਣੇ ਵਿੱਚ ਲੈ ਗਏ

ਜਦਕਿ ਥਾਣੇ ਵਿੱਚ ਜਨਤਾ ਤੋਂ ਬਰਾਮਦ ਕੀਤਾ ਗਿਆ ਕਈ ਕਿਸਮ ਦਾ ਅਮਲ ਪਦਾਰਥ ਪਿਆ ਹੁੰਦਾ ਹੈ। ਹਰ ਸ਼ਰਧਾਵਾਨ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਲਿਜਾਣ ਲਈ ਥਾਂ ਦੀ ਸਫਾਈ ਕਰਦਾ ਹੈ। ਇੱਥੋਂ ਤੱਕ ਕਿ ਰਸਤੇ ਵਿੱਚ ਵੀ ਝਾੜੂ ਲਗਾਇਆ ਜਾਂਦਾ ਹੈ, ਪਾਣੀ ਛਿੜਕਿਆ ਜਾਂਦਾ ਹੈ।

ਮਜੀਠੀਆ ਨੇ ਕਿਹਾ ਕਿ ਜਿਸ ਤਰਾਂ 70 ਕਿਲੋਮੀਟਰ ਦਾ ਸਫਰ ਤੈਅ ਕਰਕੇ ਥਾਣੇ ਤੇ ਕਬਜ਼ਾ ਕੀਤਾ ਗਿਆ, ਕੀ ਇਨ੍ਹਾਂ ਨੂੰ ਰਸਤੇ ਵਿੱਚ ਨਹੀਂ ਸੀ ਰੋਕਿਆ ਜਾ ਸਕਦਾ। ਮਜੀਠੀਆ ਨੇ ਇਸ ਨੂੰ ਸਰਕਾਰ ਅਤੇ ਡੀ ਜੀ ਪੀ ਦੀ ਨਾਕਾਮੀ ਦੱਸਦੇ ਹੋਏ ਮੁੱਖ ਮੰਤਰੀ ਅਤੇ ਡੀ ਜੀ ਪੀ ਦੇ ਅਸਤੀਫੇ ਦੀ ਮੰਗ ਕੀਤੀ ਹੈ।

ਮਜੀਠੀਆ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਡੀ ਜੀ ਪੀ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ। ਉਹ ਸਿਰਫ 10 ਮਿੰਟਾਂ ਵਿੱਚ ਬੰਦੇ ਦਾ ਪੁੱਤ ਬਣਾ ਦੇਣਗੇ।