ਅੰਮ੍ਰਿਤਪਾਲ ਸਿੰਘ ਦਾ ਮਾਮਲਾ ਰੋਜ਼ਾਨਾ ਮੀਡੀਆ ਦੀ ਸੁਰਖੀ ਬਣਦਾ ਹੈ। ਅੰਮ੍ਰਿਤਪਾਲ ਸਿੰਘ ‘ਵਾਰਸ ਪੰਜਾਬ ਦੇ’ ਜਥੇਬੰਦੀ ਨਾਲ ਸਬੰਧਿਤ ਹੈ। ਕੁਝ ਮੰਗਾਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੁਆਰਾ ਸਰਕਾਰ ਦੀ ਆਲੋਚਨਾ ਕੀਤੀ ਜਾਂਦੀ ਰਹਿੰਦੀ ਹੈ।

ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਤੇ ਮਾਮਲਾ ਦਰਜ ਹੋਣ ਅਤੇ ਉਨ੍ਹਾਂ ਦੇ ਇੱਕ ਸਾਥੀ ਦੇ ਫੜੇ ਜਾਣ ਕਾਰਨ ਇਹ ਮਾਮਲਾ ਤੂਲ ਫੜ ਗਿਆ। ਅੰਮ੍ਰਿਤਪਾਲ ਸਿੰਘ ਨੇ ਮੰਗ ਕੀਤੀ ਸੀ ਕਿ ਦਰਜ ਹੋਇਆ ਮਾਮਲਾ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਦੇ ਸਾਥੀ ਨੂੰ ਛੱਡਿਆ ਜਾਵੇ।

ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਥਾਣੇ ਦਾ ਘਿਰਾਓ ਕਰਨ ਦੀ ਗੱਲ ਆਖੀ ਗਈ ਸੀ। ਜਿਸ ਨੂੰ ਦੇਖਦੇ ਹੋਏ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ। ਬੈਰੀਕੇਡ ਲਗਾ ਕੇ ਰਸਤੇ ਰੋਕੇ ਗਏ ਸਨ ਪਰ ਜਥੇਬੰਦੀ ਦੇ ਇਕੱਠ ਨੇ ਬੈਰੀਕੇਡ ਚੁੱਕ ਕੇ ਸੁੱਟ ਦਿੱਤੇ।
ਨੌਜਵਾਨ ਨਾਅਰੇ ਲਗਾਉਂਦੇ ਹੋਏ ਆਪਣੇ ਹੱਥਾਂ ਵਿੱਚ ਫੜੇ ਡੰਡੇ ਅਤੇ ਹੋਰ ਹਥਿਆਰ ਹਵਾ ਵਿੱਚ ਲਹਿਰਾਉੰਦੇ ਹੋਏ ਅੱਗੇ ਵਧਣ ਲੱਗੇ। ਪੁਲਿਸ ਕੁਝ ਨਹੀਂ ਕਰ ਸਕੀ। ਨੌਜਵਾਨਾਂ ਨੇ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਦੀ ਵੀ ਤੋੜ ਭੰਨ ਕਰ ਦਿੱਤੀ।

ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ। ਅੰਮ੍ਰਿਤਪਾਲ ਸਿੰਘ ਦੇ ਨਾਲ ਨੌਜਵਾਨਾਂ ਦਾ ਵੱਡਾ ਇਕੱਠ ਨਜ਼ਰ ਆਇਆ। ਜਿਸ ਦੇ ਅੱਗੇ ਪੁਲਿਸ ਦੀ ਗਿਣਤੀ ਬਹੁਤ ਥੋੜ੍ਹੀ ਜਾਪ ਰਹੀ ਸੀ।

ਇੰਨੇ ਵੱਡੇ ਇਕੱਠ ਨੂੰ ਰੋਕ ਸਕਣਾ ਪੁਲਿਸ ਲਈ ਸੌਖਾ ਕੰਮ ਨਹੀਂ ਸੀ। ਦਿਨ ਪ੍ਰਤੀ ਦਿਨ ਮੀਡੀਆ ਵਿੱਚ ਇਸ ਜਥੇਬੰਦੀ ਦੀ ਚਰਚਾ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।