1994 ਵਿੱਚ ਮਿਸ ਇੰਡੀਆ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲੀ ਅਤੇ ਇਸੇ ਸਾਲ ਮਿਸ ਵਰਲਡ ਦਾ ਤਾਜ ਪਹਿਨਣ ਵਾਲੀ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਨੂੰ ਅੱਜ ਐਸ਼ਵਰਿਆ ਰਾਏ ਬੱਚਨ ਵਜੋਂ ਵੀ ਜਾਣਿਆਂ ਜਾਂਦਾ ਹੈ। ਐਸ਼ਵਰਿਆ ਦਾ ਜਨਮ 1 ਅਪ੍ਰੈਲ 1973 ਨੂੰ ਕਰਨਾਟਕਾ ਦੇ ਮੈੱਗਲੌਰ ਵਿੱਚ ਹੋਇਆ।
ਉਨ੍ਹਾਂ ਦੇ ਪਿਤਾ ਕ੍ਰਿਸ਼ਨ ਰਾਜ ਆਰਮੀ ਵਿੱਚ ਜੀਵ ਵਿਗਿਆਨੀ ਸਨ। ਜੋ 18 ਮਾਰਚ 2017 ਨੂੰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਐਸ਼ਵਰਿਆ ਦੀ ਮਾਂ ਇੱਕ ਸੁਆਣੀ ਹੈ ਜਦਕਿ ਭਰਾ ਆਦਿੱਤਿਆ ਰਾਏ ਵਪਾਰੀ ਨੇਵੀ ਵਿੱਚ ਇੰਜੀਨੀਅਰ ਹੈ।

ਪਰਿਵਾਰ ਦੇ ਮੁੰਬਈ ਆ ਜਾਣ ਕਾਰਨ ਐਸ਼ਵਰਿਆ ਰਾਏ ਨੇ ਆਰੀਆ ਵਿੱਦਿਆ ਮੰਦਰ ਹਾਈ ਸਕੂਲ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਐਸ਼ਵਰਿਆ ਰਾਏ ਨੇ ਜੈ ਜੈ ਕਾਲਜ ਅਤੇ ਮੁਟੰਗਾ ਦੇ ਡੀ ਜੀ ਰੁਪਾਰੈਲ ਕਾਲਜ ਵਿੱਚ ਪੜ੍ਹਾਈ ਕੀਤੀ। ਉਨ੍ਹਾਂ ਨੇ 5 ਸਾਲ ਕਲਾਸੀਕਲ ਡਾਂਸ ਅਤੇ ਸੰਗੀਤ ਵਿੱਦਿਆ ਸਿੱਖੀ।
ਸ਼ੁਰੂ ਵਿੱਚ ਐਸ਼ਵਰਿਆ ਰਾਏ ਨੂੰ ਵੀ ਆਪਣੇ ਪਿਤਾ ਵਾਂਗ ਹੀ ਜੀਵ ਵਿਗਿਆਨ ਵਿਸ਼ੇ ਵਿੱਚ ਰੁਚੀ ਸੀ। ਫੇਰ ਉਨ੍ਹਾਂ ਨੇ ਆਰਕੀਟੈਕਟ ਬਣਨ ਦੇ ਇਰਾਦੇ ਨਾਲ ਪੜ੍ਹਾਈ ਸ਼ੁਰੂ ਕਰ ਦਿੱਤੀ ਪਰ ਅਖੀਰ ਪੜ੍ਹਾਈ ਛੱਡ ਕੇ ਮਾਡਲਿੰਗ ਨੂੰ ਚੁਣ ਲਿਆ। ਉਨ੍ਹਾਂ ਨੇ ਕਾਲਜ ਵਿੱਚ ਮਾਡਲ ਵਜੋਂ ਨੌਕਰੀ ਕੀਤੀ।

ਛੋਟੇ ਪਰਦੇ ਤੇ ਇਸ਼ਤਿਹਾਰਾਂ ਵਿੱਚ ਹਿੱਸਾ ਲਿਆ। 1994 ਵਿੱਚ ਮਿਸ ਵਰਲਡ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਫਿਲਮਾਂ ਦੀ ਪੇਸ਼ਕਸ਼ ਹੋਣ ਲੱਗੀ। 1997 ਵਿੱਚ ਉਨ੍ਹਾਂ ਨੇ ਤਾਮਿਲ ਫਿਲਮ ‘ਇਰੂਵਰ’ ਤੋਂ ਅਦਾਕਾਰੀ ਦੇ ਖੇਤਰ ਵਿੱਚ ਪੈਰ ਧਰਿਆ। ਇਸੇ ਸਾਲ ਹਿੰਦੀ ਫਿਲਮ ‘ਔਰ ਪਿਆਰ ਹੋ ਗਿਆ’ ਕੀਤੀ।
1998 ਵਿੱਚ ਤਾਮਿਲ ਰੋਮਾਂਟਿਕ ਡਰਾਮਾ ‘ਜੀਨਸ’ ਰਾਹੀਂ ਉਨ੍ਹਾਂ ਨੂੰ ਸਫਲਤਾ ਮਿਲੀ। ਇਹ ਫਿਲਮ ਵੱਡੀ ਰਕਮ ਖਰਚ ਕੇ ਤਿਆਰ ਕੀਤੀ ਗਈ ਸੀ। ਅਗਲੇ ਸਾਲ 1999 ਵਿੱਚ ‘ਹਮ ਦਿਲ ਦੇ ਚੁਕੇ ਸਨਮ’ ਅਤੇ ਸਾਲ 2002 ਵਿੱਚ ‘ਦੇਵਦਾਸ’ ਦੀ ਬਦੌਲਤ ਉਨ੍ਹਾਂ ਨੂੰ 2 ਫਿਲਮ ਫੇਅਰ ਸਰਵ-ਉੱਤਮ ਅਵਾਰਡ ਹਾਸਲ ਹੋਏ।

ਉਨ੍ਹਾਂ ਨੇ ਬੰਗਾਲੀ ਅਤੇ ਤਾਮਿਲ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਿਖਾਈ। ਤਾਮਿਲ ਫਿਲਮ ‘ਕੰਦੁਕੋੰਦਿਨ ਕੰਦੁਕੋੰਦਿਨ’ ਅਤੇ ਬੰਗਾਲੀ ਫਿਲਮ ‘ਚੋਖਰ ਬਾਲੀ’ ਹਨ। ਐਸ਼ਵਰਿਆ ਰਾਏ ਨੂੰ 2003 ਵਿੱਚ ਕਾਨ ਫਿਲਮ ਫੈਸਟੀਵਲ ਵਿੱਚ ਪਹਿਲੀ ਭਾਰਤੀ ਅਭਿਨੇਤਰੀ ਵਜੋਂ ਜਿਊਰੀ ਮੈਂਬਰ ਬਣਨ ਦਾ ਮਾਣ ਹਾਸਲ ਹੈ।

ਐਸ਼ਵਰਿਆ ਰਾਏ ਦੀ ਪਹਿਲਾਂ ਸਲਮਾਨ ਖਾਨ ਨਾਲ ਦੋਸਤੀ ਰਹੀ। ਫਿਰ ਵਿਵੇਕ ਓਬਰਾਏ ਨਾਲ ਦੋਸਤੀ ਹੋ ਗਈ। ਜਦੋਂ ਧੂਮ 2 ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵਿਚਕਾਰ ਪਿਆਰ ਹੋ ਗਿਆ। ਇਸ ਪਿਆਰ ਦੇ ਚਲਦੇ ਇਨ੍ਹਾਂ ਦੋਵਾਂ ਨੇ 20 ਅਪਰੈਲ 2007 ਨੂੰ ਵਿਆਹ ਕਰਵਾ ਲਿਆ।

16 ਨਵੰਬਰ 2011 ਨੂੰ ਇਨ੍ਹਾਂ ਦੀ ਬੇਟੀ ਦਾ ਜਨਮ ਹੋਇਆ। ਐਸ਼ਵਰਿਆ ਰਾਏ ਵਿਆਹ ਤੋਂ ਪਹਿਲਾਂ ਵੀ ਬੱਚਨ ਪਰਿਵਾਰ ਨਾਲ ਉਨ੍ਹਾਂ ਦੀ ਬਾਂਦਰਾ ਸਥਿਤ ਰਿਹਾਇਸ਼ ਤੇ ਰਹਿੰਦੀ ਰਹੀ ਹੈ। ਐਸ਼ਵਰਿਆ ਦੀ ਗਿਣਤੀ ਭਾਰਤ ਦੀਆਂ ਪ੍ਰਭਾਵਸ਼ਾਲੀ ਸ਼ਖਸ਼ੀਅਤਾਂ ਵਿੱਚ ਕੀਤੀ ਜਾਂਦੀ ਹੈ।