ਸਾਡੇ ਮੁਲਕ ਵਿੱਚ ਕਿੰਨੇ ਹੀ ਵਿਦਿਆਰਥੀ ਸਕੂਲਾਂ ਕਾਲਜਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕਿੰਨੇ ਹੀ ਵਿਦਿਆਰਥੀ ਹਰ ਸਾਲ ਡਿਗਰੀਆਂ ਹਾਸਲ ਕਰਨ ਉਪਰੰਤ ਨੌਕਰੀ ਮੰਗਣ ਵਾਲਿਆਂ ਦੀ ਕਤਾਰ ਵਿੱਚ ਆ ਖੜ੍ਹਦੇ ਹਨ ਪਰ ਇਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ,
ਕਿਉਂਕਿ ਮੁਲਕ ਵਿੱਚ ਇੰਨੀਆਂ ਜ਼ਿਆਦਾ ਨੌਕਰੀਆਂ ਉਪਲਬਧ ਹੀ ਨਹੀਂ ਹਨ। ਇਸ ਤੋਂ ਬਾਅਦ ਨੌਕਰੀਆਂ ਮੰਗਣ ਵਾਲੇ ਰੋਸ ਮੁਜ਼ਾਹਰੇ ਕਰਦੇ ਹਨ। ਕਈ ਵਾਰ ਫੇਰ ਇਨ੍ਹਾਂ ਤੇ ਪਾਣੀ ਦੀਆਂ ਬੁਛਾਰਾਂ ਸੁੱਟੀਆਂ ਜਾਂਦੀਆਂ ਹਨ ਜਾਂ ਹੋਰ ਵੀ ਬਲ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਇਸ ਲਈ ਕਈ ਵਾਰ ਮੰਗ ਉੱਠਦੀ ਹੈ ਕਿ ਵਿੱਦਿਅਕ ਪ੍ਰਣਾਲੀ ਵਿੱਚ ਤਬਦੀਲੀ ਕੀਤੀ ਜਾਵੇ। ਇਹ ਪ੍ਰਣਾਲੀ ਅੰਗਰੇਜ਼ਾਂ ਦੇ ਸਮੇਂ ਤੋਂ ਚਲਦੀ ਆ ਰਹੀ ਹੈ। ਸਮੇਂ ਦੇ ਹਾਣ ਦਾ ਬਣਾਉਣ ਲਈ ਸਿੱਖਿਆ ਨੂੰ ਕਿੱਤਾ ਮੁਖੀ ਬਣਾਇਆ ਜਾਵੇ ਤਾਂ ਕਿ ਪੜ੍ਹਾਈ ਮੁਕੰਮਲ ਕਰਕੇ ਇਹ ਵਿਦਿਆਰਥੀ ਨੌਕਰੀ ਮੰਗਣ ਦੀ ਬਜਾਏ ਆਪਣਾ ਕੋਈ ਕਾਰੋਬਾਰ ਕਰ ਸਕਣ।
ਇਸ ਨਾਲ ਉਹ ਆਪਣੇ ਮਾਤਾ ਪਿਤਾ ਤੇ ਵੀ ਬੋਝ ਨਹੀਂ ਬਣਨਗੇ, ਸਗੋਂ ਉਨ੍ਹਾਂ ਦੀ ਆਰਥਿਕ ਮੱਦਦ ਕਰਨ ਦੇ ਯੋਗ ਹੋਣਗੇ। ਅੱਜਕੱਲ੍ਹ ਜ਼ਿਲ੍ਹਾ ਹਮੀਰਪੁਰ ਦੇ ਲੋਧੀਪੁਰ ਨਿਵਾਦਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਖੂਬ ਚਰਚਾ ਹੋ ਰਹੀ ਹੈ।
ਚਰਚਾ ਦਾ ਵਿਸ਼ਾ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਾਈ ਦੇ ਨਾਲ ਨਾਲ ਦਿੱਤੀ ਜਾਣ ਵਾਲੀ ਸਿੱਖਿਆ ਹੈ। ਪਤਾ ਲੱਗਾ ਹੈ ਕਿ ਇੱਥੇ ਬੱਚਿਆਂ ਨੂੰ ਮਸ਼ਰੂਮ ਦੀ ਖੇਤੀ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇੱਥੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਮਸ਼ਰੂਮ ਦੀ ਖੇਤੀ ਕਰਨ ਲਈ ਬਹੁਤੀ ਪੂੰਜੀ ਜਾਂ ਜ਼ਮੀਨ ਦੀ ਜ਼ਰੂਰਤ ਨਹੀਂ ਹੈ।
ਇਸ ਲਈ ਕੀਟਨਾਸ਼ਕ, ਪਾਣੀ, ਘਾਹ-ਫੂਸ ਅਤੇ ਬੀਜ ਆਦਿ ਦੀ ਜ਼ਰੂਰਤ ਹੁੰਦੀ ਹੈ। ਇਸ ਦਾ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ। ਬੀਜ ਨੂੰ ਪੰਨੀ ਵਿੱਚ ਰੱਖਿਆ ਜਾਂਦਾ ਹੈ। ਮਸ਼ਰੂਮ ਨੂੰ ਬੰਦ ਕਮਰੇ ਦੇ ਅੰਦਰ ਹੀ ਪੈਦਾ ਕੀਤਾ ਜਾਂਦਾ ਹੈ। ਇਸ ਲਈ ਕਮਰੇ ਵਿੱਚ ਤਾਪਮਾਨ 15 ਤੋਂ 20 ਡਿਗਰੀ ਦੇ ਵਿਚਕਾਰ ਰੱਖਣਾ ਹੁੰਦਾ ਹੈ।
ਲਗਭਗ 20 ਦਿਨਾਂ ਵਿੱਚ ਮਸ਼ਰੂਮ ਦੀ ਫਸਲ ਤਿਆਰ ਹੋ ਜਾਂਦੀ ਹੈ। ਇਸ ਤਰਾਂ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਇਸ ਪਾਸੇ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਤਰਾਂ ਕਰਨ ਨਾਲ ਬੱਚਿਆਂ ਦੇ ਮਨ ਵਿੱਚ ਕੰਮ ਦੀ ਲਗਨ ਪੈਦਾ ਹੁੰਦੀ ਹੈ।