2015 ਵਿੱਚ ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ ‘ਅੰਗਰੇਜ’ ਵਿੱਚ ‘ਹਾਕਮ’ ਦੇ ਕਿਰਦਾਰ ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲਾ ਅਮਨਿੰਦਰਪਾਲ ਸਿੰਘ ਵਿਰਕ (ਐਮੀ ਵਿਰਕ) ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।

ਫਿਲਮਾਂ ਵਿੱਚ ‘ਪਟਿਆਲਾ ਸ਼ਾਹੀ’ ਪੱਗ ਉਸ ਦੀ ਪਛਾਣ ਹੁੰਦੀ ਹੈ। ਪੰਜਾਬੀ ਗਾਇਕੀ ਤੋਂ ਅਦਾਕਾਰੀ ਦੇ ਖੇਤਰ ਵਿੱਚ ਪ੍ਰਵੇਸ਼ ਕਰਕੇ ਆਪਣੀ ਵੱਖਰੀ ਪਛਾਣ ਬਣਾ ਲੈਣ ਵਾਲੇ ਐਮੀ ਵਿਰਕ ਦਾ ਜਨਮ ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਭਾ ਦੇ ਪਿੰਡ ਲੁਹਾਰ ਮਾਜਰਾ ਵਿੱਚ 11 ਮਈ 1992 ਨੂੰ ਇੱਕ ਸਿੱਖ ਕਿਸਾਨ ਪਰਿਵਾਰ ਵਿੱਚ ਹੋਇਆ।

ਇਨ੍ਹਾਂ ਦਾ ਪਰਿਵਾਰ 1947 ਦੀ ਭਾਰਤ ਪਾਕਿਸਤਾਨ ਵੰਡ ਸਮੇਂ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਤੋਂ ਇੱਧਰ ਆ ਗਿਆ ਸੀ। ਐਮੀ ਵਿਰਕ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਾਇਓ ਟੈਕਨਾਲੋਜੀ ਵਿੱਚ ਬੀਐੱਸਸੀ ਕੀਤੀ ਅਤੇ ਫੇਰ ਐੱਮਐੱਸਸੀ ਕਰਕੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ।

ਉਨ੍ਹਾਂ ਦੀ ਮਾਂ ਨੂੰ ਆਪਣੇ ਪੁੱਤਰ ਵਿੱਚ ਇੱਕ ਗਾਇਕ ਦੇ ਗੁਣ ਨਜ਼ਰ ਆਏ। ਜਿਸ ਕਰਕੇ ਉਨ੍ਹਾਂ ਨੇ ਐਮੀ ਵਿਰਕ ਨੂੰ ਗਾਉਣ ਲਈ ਪ੍ਰੇਰਿਆ। ਆਪਣੀ ਮਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ ਅਤੇ ਅਖੀਰ ਅੱਜ ਇਸ ਮੁਕਾਮ ਤੇ ਪਹੁੰਚ ਗਏ। ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਨ।

ਅੱਜ ਉਨ੍ਹਾਂ ਦੀ ਗਿਣਤੀ ਸਫਲ ਗਾਇਕਾਂ ਅਤੇ ਅਦਾਕਾਰਾਂ ਵਿੱਚ ਹੁੰਦੀ ਹੈ। ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕਰਦੇ ਹਨ। ਉਨ੍ਹਾਂ ਦੀਆਂ ਫਿਲਮਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ਗਾਇਕ ਅਤੇ ਅਦਾਕਾਰ ਤੋਂ ਇਲਾਵਾ ਉਹ ਨਿਰਮਾਤਾ ਵੀ ਹਨ।

ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਫੇਰ ਹਿੰਦੀ ਫਿਲਮਾਂ ਵਿੱਚ ਵੀ ਹਾਜ਼ਰੀ ਲਵਾਈ। ਉਨ੍ਹਾਂ ਨੇ ਪ੍ਰੋਡਕਸ਼ਨ ਹਾਉਸ ਵਿਲੇਜਰਸ ਫਿਲਮ ਸਟੂਡੀਓ ਅਤੇ ਇੱਕ ਡਿਸਟਰੀਬਿਉਸ਼ਨ ਕੰਪਨੀ ਇਨ ਹਾਉਸ ਗਰੁੱਪ ਸ਼ੁਰੂ ਕੀਤਾ।

ਜਿੱਥੇ ‘ਅੰਗਰੇਜ’ ਫਿਲਮ ਵਿੱਚ ਐਮੀ ਵਿਰਕ ‘ਹਾਕਮ’ ਦੇ ਰੂਪ ਵਿੱਚ ਨਜ਼ਰ ਆਏ, ਉੱਥੇ ਹੀ ਉਨ੍ਹਾਂ ਨੂੰ ‘ਕਿਸਮਤ’ ਅਤੇ ‘ਕਿਸਮਤ 2’ ਵਿੱਚ ‘ਸ਼ਿਵਜੀਤ’ ਦੇ ਰੋਲ ਵਿੱਚ, ‘ਹਰਜੀਤਾ’ ਵਿੱਚ ‘ਹਰਜੀਤ ਸਿੰਘ’ ਦੇ ਰੋਲ ਵਿੱਚ ਅਤੇ ‘ਨਿੱਕਾ ਜ਼ੈਲਦਾਰ’ ਫਿਲਮਾਂ ਦੀ ਲੜੀ ਵਿੱਚ ‘ਨਿੱਕਾ’ ਦੇ ਰੂਪ ਵਿੱਚ ਦੇਖਿਆ ਗਿਆ।

ਇਸ ਤੋਂ ਬਿਨਾਂ ਉਨ੍ਹਾਂ ਨੇ ‘ਬੰਬੂਕਾਟ’ ‘ਅਰਦਾਸ’ ਅਤੇ ‘ਲੌੰਗ ਲਾਚੀ’ ਫਿਲਮਾਂ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ‘ਅੰਗਰੇਜ’ ਅਤੇ ‘ਕਿਸਮਤ’ ਫਿਲਮਾਂ ਨੇ ਵਪਾਰਕ ਪੱਖੋਂ ਰਿਕਾਰਡ ਸਫਲਤਾ ਹਾਸਲ ਕੀਤੀ। ‘ਅੰਗਰੇਜ’ ਫਿਲਮ ਲਈ ਤਾਂ ਐਮੀ ਵਿਰਕ ਨੂੰ ਪੀ ਟੀ ਸੀ ਪੰਜਾਬੀ ਫਿਲਮ ਅਵਾਰਡ ਵਿੱਚ ਸਰਵ-ਉੱਤਮ ਡੈਬਿਊ ਅਦਾਕਾਰ ਦਾ ਅਵਾਰਡ ਹਾਸਲ ਹੋਇਆ।

‘ਨਿੱਕਾ ਜ਼ੈਲਦਾਰ’ ਫਿਲਮ ਲੜੀ ਵਿੱਚ ਵੀ ਉਨ੍ਹਾਂ ਦੁਆਰਾ ਨਿਭਾਏ ਗਏ ਕਿਰਦਾਰ ਨੂੰ ਖੂਬ ਸਲਾਹਿਆ ਗਿਆ। ‘ਸਾਬ ਬਹਾਦਰ’ ਵਿੱਚ ਵੀ ਐਮੀ ਵਿਰਕ ਦੇ ਰੋਲ ਨੇ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਤਰਸੇਮ ਜੱਸੜ ਦੇ ਸਟਾਰਰ ਰੱਬ ਦਾ ਰੇਡੀਓ ਗੀਤ ‘ਅੱਖ ਬੋਲਦੀ’ ਵਿੱਚ ਵੀ ਅਦਾਕਾਰੀ ਦਿਖਾਈ।

ਇਨ੍ਹਾਂ ਪੰਜਾਬੀ ਫਿਲਮਾਂ ਦੇ ਨਾਲ ਨਾਲ ਐਮੀ ਵਿਰਕ ਨੇ 2021 ਵਿੱਚ ਬਾਲੀਵੁੱਡ ਫਿਲਮ ‘ਭੁਜ ਦ ਪ੍ਰਾਈਡ ਆਫ ਇੰਡੀਆ’ ਵਿੱਚ ਡੈਬਿਊ ਕੀਤਾ। ਐਮੀ ਵਿਰਕ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸਫਲ ਗਾਣੇ ਵੀ ਦਿੱਤੇ ਹਨ। ਉਨ੍ਹਾਂ ਦੇ ਗਾਣੇ ਬੜੇ ਪਸੰਦ ਕੀਤੇ ਗਏ ਹਨ।

ਇਨ੍ਹਾਂ ਗਾਣਿਆਂ ਨੂੰ ਵਿਆਹ ਸ਼ਾਦੀਆਂ ਵਿੱਚ ਆਮ ਡੀ ਜੇ ਤੇ ਵੱਜਦੇ ਹਰ ਕਿਸੇ ਨੇ ਸੁਣਿਆ ਹੋਵੇਗਾ। ਉਨ੍ਹਾਂ ਦੇ ਕੁਝ ਗਾਣਿਆਂ ਦਾ ਅਸੀਂ ਇੱਥੇ ਜ਼ਿਕਰ ਕਰ ਰਹੇ ਹਾਂ। ਜਿਨ੍ਹਾਂ ਵਿੱਚ ਖੱਬੀ ਸੀਟ, ਮਿਨੀ ਕੂਪਰ, ਹਾਂ ਕਰਗੀ, ਵੰਗ ਦਾ ਨਾਪ, ਜ਼ਿੰਦਾਬਾਦ ਯਾਰੀਆਂ, ਆਏ ਹਾਏ ਜੱਟੀਏ, ਹੱਥ ਚੁੰਮੇ, ਤਾਰੇ ਬੱਲੀਏ, ਰਾਂਝਾ, ਕਿਸਮਤ, ਜਾਨ ਦਿਆਂਗੇ ਅਤੇ ਕੌਣ ਹੋਏਗਾ ਆਦਿ ਵਰਨਣ ਯੋਗ ਹਨ।