ਪੰਜਾਬੀ ਨੌਜਵਾਨਾਂ ਸਬੰਧੀ ਵਿਦੇਸ਼ਾਂ ਤੋਂ ਲਗਾਤਾਰ ਆ ਰਹੀਆਂ ਬੁਰੀਆਂ ਖਬਰਾਂ ਨੇ ਪੰਜਾਬ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਦੇ ਹੌਸਲੇ ਢਾਹ ਦਿੱਤੇ ਹਨ। ਮਾਂ ਬਾਪ ਤਾਂ ਮਨ ਵਿੱਚ ਬੜੀਆਂ ਉਮੀਦਾਂ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਪਰ ਜਦੋਂ ਬੱਚੇ ਦੀ ਮਿਰਤਕ ਦੇਹ ਬਕਸੇ ਵਿੱਚ ਬੰਦ ਹੋ ਕੇ ਘਰ ਪੁੱਜਦੀ ਹੈ ਤਾਂ ਮਾਂ ਬਾਪ ਦੀਆਂ ਅੱਖਾਂ ਵਿੱਚੋਂ ਪਾਣੀ ਨਹੀਂ ਰੁਕਦਾ।

ਉਹ ਸੋਚਦੇ ਹਨ ਕਿ ਇਸ ਨਾਲੋਂ ਤਾਂ ਚੰਗਾ ਸੀ, ਉਹ ਆਪਣੇ ਬੱਚੇ ਨੂੰ ਵਿਦੇਸ਼ ਨਾ ਹੀ ਭੇਜਦੇ। ਹੋਰ ਨਹੀਂ ਤਾਂ ਜੋ ਵੀ ਵਾਪਰਦਾ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਵਾਪਰਦਾ। ਸੰਗਰੂਰ ਦੇ ਪਿੰਡ ਚੱਠਾ ਨਨਹੇੜਾ ਵਿੱਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ,

ਜਦੋਂ ਇੱਕ ਪਰਿਵਾਰ ਨੂੰ ਕੈਨੇਡਾ ਦੇ ਸ਼ਹਿਰ ਬਰੈੰਪਟਨ ਤੋਂ ਫੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਮਨਪ੍ਰੀਤ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਿਹਾ। ਇਹ ਜਾਣਕਾਰੀ ਮਿਰਤਕ ਮਨਪ੍ਰੀਤ ਸਿੰਘ ਦੇ ਰਿਸ਼ਤੇਦਾਰ ਵੱਲੋਂ ਦਿੱਤੀ ਗਈ। ਮਨਪ੍ਰੀਤ ਸਿੰਘ ਦੀ ਉਮਰ 24 ਸਾਲ ਸੀ।
ਉਹ 4 ਸਾਲ ਪਹਿਲਾਂ ਆਈਲਟਸ ਕਰਕੇ ਕੈਨੇਡਾ ਪੜ੍ਹਾਈ ਕਰਨ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਰਾਤ ਨੂੰ ਖਾਣਾ ਖਾ ਕੇ ਚੰਗਾ ਭਲਾ ਸੁੱਤਾ ਸੀ। ਜਦੋਂ ਉਹ ਸਵੇਰੇ ਨਾ ਜਾਗਿਆ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਅਵਾਜ਼ਾਂ ਦਿੱਤੀਆਂ।

ਉਸ ਦੇ ਸਰੀਰ ਵਿੱਚ ਕੋਈ ਹਰਕਤ ਨਾ ਦੇਖ ਕੇ ਸਾਥੀ ਐੰਬੂਲੈੰਸ ਵਿੱਚ ਉਸ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਨੂੰ ਮਿਰਤਕ ਕਰਾਰ ਦੇ ਦਿੱਤਾ। ਡਾਕਟਰਾਂ ਮੁਤਾਬਕ ਮਨਪ੍ਰੀਤ ਨੂੰ ਸੁੱਤੇ ਪਏ ਨੂੰ ਹੀ ਦਿਲ ਦਾ ਦੌਰਾ ਪੈ ਗਿਆ। ਮਨਪ੍ਰੀਤ ਦਾ ਵੱਡਾ ਭਰਾ ਗੁਰਧਿਆਨ ਸਿੰਘ ਵੀ ਕੈਨੇਡਾ ਵਿੱਚ ਹੀ ਸਰੀ ਵਿਖੇ ਰਹਿੰਦਾ ਹੈ।
ਅਜੇ ਮਨਪ੍ਰੀਤ ਦੀ ਮਿਰਤਕ ਦੇਹ ਦਾ ਪੋਸਟਮਾਰਟਮ ਨਹੀਂ ਹੋਇਆ। ਪਰਿਵਾਰ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਮਨਪ੍ਰੀਤ ਦੀ ਮਿਰਤਕ ਦੇਹ ਜਲਦੀ ਤੋਂ ਜਲਦੀ ਪਰਿਵਾਰ ਤੱਕ ਪੁਚਾਈ ਜਾਵੇ।
ਅਜੇ ਕੁਝ ਦਿਨ ਪਹਿਲਾਂ ਬਟਾਲਾ ਦੇ ਨਾਨੋਵਾਲ ਖੁਰਦ ਦਾ 24 ਸਾਲਾ ਅੰਮ੍ਰਿਤਪਾਲ ਸਿੰਘ ਵੀ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪੇੈਣ ਕਾਰਨ ਅੱਖਾਂ ਮੀਟ ਗਿਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਇਸ ਤਰਾਂ ਹੀ ਤਰਨਤਾਰਨ ਦੇ ਪਿੰਡ ਘਰਿਆਲੀ ਦੇ ਨੌਜਵਾਨ ਜਗਦੀਪ ਸਿੰਘ ਦੀ ਕੇੈਨੇਡਾ ਵਿੱਚ ਹੀ ਕੰਮ ਕਰਦੇ ਸਮੇਂ ਇੱਕ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਜਾਨ ਚਲੀ ਗਈ ਸੀ।