ਕਿੱਥੇ ਹੈ ਮਸ਼ਹੂਰ ਡਾਇਲਾਗਾਂ ਦੇ ਬਾਦਸ਼ਾਹ ਰਾਜ ਕੁਮਾਰ ਦਾ ਪਰਿਵਾਰ

ਫਿਲਮ ਇੰਡਸਟਰੀ ਵਿੱਚ ਲਗਾਤਾਰ 4 ਦਹਾਕੇ ਛਾਏ ਰਹਿਣ ਵਾਲੇ ਅਦਾਕਾਰ ਕੁਲਭੂਸ਼ਣ ਪੰਡਿਤ ਉਰਫ ਰਾਜ ਕੁਮਾਰ ਦੇ ਡਾਇਲਾਗ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੋਏ ਹਨ। ਜਿਨ੍ਹਾਂ ਵਿੱਚ ‘ਹਮ ਕੁੱਤੋੰ ਸੇ ਬਾਤ ਨਹੀਂ ਕਰਤੇ’ (ਫਿਲਮ… ਮਰਤੇ ਦਮ ਤੱਕ), ‘ਹਮਾਰੀ ਜ਼ੁਬਾਨ ਭੀ ਹਮਾਰੀ ਗੋਲੀ ਕੀ ਤਰਹ ਹੈ।

ਦੁਸ਼ਮਨ ਸੇ ਸੀਧੀ ਬਾਤ ਕਰਤੀ ਹੈ’ (ਫਿਲਮ…ਤਿਰੰਗਾ), ਚਿਨਾਏ ਸੇਠ, ਜਿਨਕੇ ਘਰ ਸ਼ੀਸ਼ੇ ਕੇ ਬਨੇ ਹੋਤੇ ਹੈਂ ਵੋਹ ਦੂਸਰੋੰ ਪਰ ਪੱਥਰ ਨਹੀਂ ਫੈਂਕਤੇ’ (ਫਿਲਮ….ਵਕਤ) ਦੇ ਨਾਮ ਲਏ ਜਾ ਸਕਦੇ ਹਨ। ਰਾਜ ਕੁਮਾਰ ਆਪਣੀ ਗੱਲ ਨੂੰ ਬੜੀ ਬੇਬਾਕੀ ਨਾਲ ਕਹਿਣ ਦੀ ਹਿੰਮਤ ਰੱਖਦੇ ਸਨ।

ਫਿਲਮ ਇੰਡਸਟਰੀ ਵਿੱਚ ਉਨ੍ਹਾਂ ਨੂੰ ਹਕੀਕਤ ਵਿੱਚ ਰਾਜ ਕੁਮਾਰ ਸਮਝਿਆ ਜਾਂਦਾ ਸੀ। ਰਾਜ ਕੁਮਾਰ ਦਾ ਜਨਮ 8 ਅਕਤੂਬਰ 1926 ਨੂੰ ਮੌਜੂਦਾ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਹੋਇਆ। ਜੋ ਉਸ ਸਮੇਂ ਭਾਰਤ ਦਾ ਹਿੱਸਾ ਸੀ।

ਗਰੈਜੂਏਸ਼ਨ ਕਰਕੇ ਉਹ ਪੁਲਿਸ ਵਿੱਚ ਭਰਤੀ ਹੋ ਗਏ। ਜਦੋਂ ਉਹ ਮੁੰਬਈ ਦੇ ਮਾਹਿਮ ਥਾਣੇ ਵਿੱਚ ਸਬ ਇੰਸਪੈਕਟਰ ਵਜੋਂ ਤਾਇਨਾਤ ਸਨ ਤਾਂ ਗਸ਼ਤ ਦੌਰਾਨ ਇੱਕ ਰਾਤ ਉਨ੍ਹਾਂ ਨੂੰ ਇੱਕ ਸਿਪਾਹੀ ਨੇ ਸਲਾਹ ਦਿੱਤੀ ਕਿ ਉਹ ਸ਼ਕਲ ਸੂਰਤ ਤੋਂ ਫਿਲਮੀ ਹੀਰੋ ਜਾਪਦੇ ਹਨ।

ਰਾਜ ਕੁਮਾਰ ਦੀ ਧੀ- ਵਾਸਤਵਿਕਤਾ

ਇਸ ਲਈ ਉਨ੍ਹਾਂ ਨੂੰ ਫਿਲਮਾਂ ਵਿੱਚ ਹੀਰੋ ਬਣ ਜਾਣਾ ਚਾਹੀਦਾ ਹੈ। ਇੱਕ ਦਿਨ ਫਿਲਮ ਨਿਰਮਾਤਾ ਬਲਦੇਵ ਦੂਬੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਥਾਣੇ ਆਏ। ਉਹ ਰਾਜ ਕੁਮਾਰ ਦੇ ਗੱਲ ਕਰਨ ਦੇ ਅੰਦਾਜ਼ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੀ ਫਿਲਮ ‘ਸ਼ਾਹੀ ਬਾਜ਼ਾਰ’ ਵਿੱਚ ਅਦਾਕਾਰ ਬਣਨ ਦੀ ਪੇਸ਼ਕਸ਼ ਕੀਤੀ।

ਰਾਜ ਕੁਮਾਰ ਨੇ ਹਾਂ ਆਖ ਦਿੱਤੀ। ਉਹ ਨੌਕਰੀ ਤੋਂ ਅਸਤੀਫਾ ਦੇ ਕੇ ਫਿਲਮ ਵਿੱਚ ਰੁੱਝ ਗਏ। ਫਿਲਮ ਮੁਕੰਮਲ ਕਰਕੇ ਪੈਸੇ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ 1952 ਵਿੱਚ ‘ਰੰਗੀਲੀ’ ਵਿੱਚ ਮਾਮੂਲੀ ਜਿਹਾ ਰੋਲ ਕਰਨਾ ਮੰਨ ਲਿਆ। ਜਦੋਂ ‘ਸ਼ਾਹੀ ਬਾਜ਼ਾਰ’ ਆਈ ਤਾਂ ਫੇਲ ਹੋ ਗਈ। ਕਈਆਂ ਨੇ ਉਨ੍ਹਾਂ ਨੂੰ ਖਲਨਾਇਕ ਦੇ ਰੋਲ ਕਰਨ ਦੀ ਸਲਾਹ ਦਿੱਤੀ।

ਜਿਸ ਕਰਕੇ ਉਨ੍ਹਾਂ ਨੂੰ ਜੋ ਵੀ ਰੋਲ ਮਿਲਦਾ, ਉਹ ਕਰਨ ਲਈ ਸਹਿਮਤ ਹੋ ਜਾਂਦੇ ਪਰ ਅਨਮੋਲ, ਸਹਾਰਾ, ਅਵਸਰ, ਘਮੰਡ, ਨੀਲਮਣੀ ਅਤੇ ਕ੍ਰਿਸ਼ਨ-ਸੁਦਾਮਾ ਸਾਰੀਆਂ ਫਿਲਮਾਂ ਅਸਫਲ ਰਹੀਆਂ। ਫੇਰ 1957 ਵਿੱਚ ‘ਮਦਰ ਇੰਡੀਆ’ ਵਿੱਚ ਨਿਭਾਏ ਉਨ੍ਹਾਂ ਦੇ ਛੋਟੇ ਜਿਹੇ ਕਿਰਦਾਰ ਨੂੰ ਸਲਾਹਿਆ ਗਿਆ।

ਜਿਸ ਤੋਂ ਬਾਅਦ ਉਨ੍ਹਾਂ ਦੀਆਂ ਫਿਲਮਾਂ ਦਿਲ ਅਪਨਾ ਔਰ ਪ੍ਰੀਤ ਪਰਾਈ, ਘਰਾਨਾ, ਗੋਦਾਨ, ਦਿਲ ਏਕ ਮੰਦਰ ਅਤੇ ਦੂਜ ਕਾ ਚਾਂਦ ਆਦਿ ਫਿਲਮਾਂ ਸਫਲ ਰਹੀਆਂ। ਇਨ੍ਹਾਂ ਤੋਂ ਬਿਨਾਂ ਰਾਜ ਕੁਮਾਰ ਨੇ ਸੌਦਾਗਰ, ਕੁਦਰਤ, ਧਰਮ ਕਾਂਟਾ, ਸ਼ਰਾਰਾ, ਰਾਜ ਤਿਲਕ, ਏਕ ਨਈਂ ਪਹੇਲੀ, ਪੁਲਿਸ ਪਬਲਿਕ, ਤਿਰੰਗਾ, ਬੇਤਾਜ ਬਾਦਸ਼ਾਹ ਅਤੇ ਜਵਾਬ ਆਦਿ ਸਫਲ ਫਿਲਮਾਂ ਕੀਤੀਆਂ।

ਰਾਜ ਕੁਮਾਰ ਨੂੰ ਫਿਲਮ ਫੇਅਰ ਸਰਵ ਸਰੇਸ਼ਠ ਸਹਾਇਕ ਅਭਿਨੇਤਾ ਅਵਾਰਡ, ਫਿਲਮ ਉਦਯੋਗ ਦਾ ਨੋਬਲ ਪੁਰਸਕਾਰ ਅਤੇ ਫਿਲਮ ਜਗਤ ਦਾ ਸਰਵ-ਉੱਚ ਪੁਰਸਕਾਰ ਦਾਦਾ ਸਾਹਿਬ ਫਾਲਕੇ ਅਵਾਰਡ ਮਿਲ ਚੁੱਕੇ ਹਨ।

ਜਦੋਂ ਰਾਜ ਕੁਮਾਰ ਨੂੰ ਆਪਣਾ ਅੰਤ ਸਮਾਂ ਨੇੜੇ ਜਾਪਿਆ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਪੁਰੂ ਰਾਜ ਕੁਮਾਰ ਨੂੰ ਕੋਲ ਬਿਠਾ ਕੇ ਸਮਝਾਇਆ ਕਿ ਜ਼ਿੰਦਗੀ ਅਤੇ ਜ਼ਿੰਦਗੀ ਦਾ ਅੰਤ ਇਨਸਾਨ ਦਾ ਨਿੱਜੀ ਮਾਮਲਾ ਹੁੰਦਾ ਹੈ।

ਇਸ ਲਈ ਉਨ੍ਹਾਂ ਦੇ ਅਕਾਲ ਚਲਾਣੇ ਦੇ ਬਾਰੇ ਉਨ੍ਹਾਂ ਦੇ ਮਿੱਤਰ ਚੇਤਨ ਅਨੰਦ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਦੱਸਿਆ ਜਾਵੇ। ਇੱਥੋਂ ਤੱਕ ਕਿ ਫਿਲਮ ਇੰਡਸਟਰੀ ਨੂੰ ਵੀ ਅੰਤਮ ਸਸਕਾਰ ਕਰਨ ਤੋਂ ਬਾਅਦ ਹੀ ਦੱਸਿਆ ਜਾਵੇ। ਇਸ ਤਰਾਂ ਉਹ 3 ਜੁਲਾਈ 1996 ਨੂੰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।

Leave a Reply

Your email address will not be published. Required fields are marked *