ਸਾਡੇ ਮੁਲਕ ਨੂੰ ਅਜਾਦ ਹੋਏ ਪੌਣੀ ਸਦੀ ਬੀਤ ਚੁੱਕੀ ਹੈ। ਇੱਥੇ ਸੰਵਿਧਾਨ ਅਨੁਸਾਰ ਸ਼ਾਸ਼ਨ ਚਲਾਇਆ ਜਾਂਦਾ ਹੈ। ਸੰਵਿਧਾਨ ਅਨੁਸਾਰ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਹਾਸਲ ਹਨ ਪਰ ਅਜੇ ਵੀ ਕੁਝ ਲੋਕਾਂ ਨਾਲ ਧੱਕਾ ਹੋ ਰਿਹਾ ਹੈ।
ਕੁਝ ਹੋਰ ਲੋਕ ਇਨ੍ਹਾਂ ਨੂੰ ਆਪਣੇ ਤੋਂ ਨੀਵਾਂ ਖਿਆਲ ਕਰਦੇ ਹਨ। ਉਹ ਨਹੀਂ ਚਾਹੁੰਦੇ ਕਿ ਇਹ ਸਦੀਆਂ ਤੋਂ ਦੱਬੇ ਕੁਚਲੇ ਲੋਕ ਉਨ੍ਹਾਂ ਦੀ ਬਰਾਬਰੀ ਕਰ ਸਕਣ। ਇਸ ਦੀ ਉਦਾਹਰਣ ਸੰਭਲ ਦੇ ਥਾਣਾ ਗੁਨੌਰ ਵਿੱਚ ਪੈਂਦੇ ਪਿੰਡ ਘੁਘਈਆ ਵਿੱਚ ਦੇਖਣ ਨੂੰ ਮਿਲੀ।
ਜਿੱਥੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਰਿਸ਼ੀਪਾਲ ਅਤੇ ਉਨ੍ਹਾਂ ਦੀ ਪਤਨੀ ਸ਼ੀਲਾ ਨੂੰ ਆਪਣੀ ਧੀ ਦੇ ਵਿਆਹ ਵਿੱਚ ਪੁਲਿਸ ਦੀ ਮੱਦਦ ਲੈਣੀ ਪਈ। ਮਿਲੀ ਜਾਣਕਾਰੀ ਮੁਤਾਬਕ ਇਸ ਪਿੰਡ ਦੀ ਅਬਾਦੀ ਇੱਕ ਹਜ਼ਾਰ ਦੇ ਲਗਭਗ ਹੈ। ਪਿੰਡ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਿਤ ਇੱਕ ਹੀ ਘਰ ਹੈ।
ਇਸ ਪਰਿਵਾਰ ਦੀ ਲੜਕੀ ਦਾ ਵਿਆਹ 7 ਫਰਵਰੀ, ਦਿਨ ਮੰਗਲਵਾਰ ਨੂੰ ਹੋਣਾ ਤੈਅ ਹੋਇਆ ਸੀ। ਬਰਾਤ ਅਲੀਗੜ੍ਹ ਤੋਂ ਆਈ ਸੀ। ਇਸ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਵਿੱਚ ਬੁਲੇਟ ਮੋਟਰਸਾਈਕਲ ਦੇਣ ਦਾ ਵਿਚਾਰ ਕੀਤਾ।
ਲੜਕੀ ਦੀ ਮਾਂ ਨੇ ਐੱਸ ਪੀ ਨੂੰ ਦਰਖਾਸਤ ਦੇ ਕੇ ਦੋਸ਼ ਲਗਾਇਆ ਸੀ ਕਿ ਪਿੰਡ ਦੇ ਕੁਝ ਲੋਕ ਉਨ੍ਹਾਂ ਦੁਆਰਾ ਵਿਆਹ ਵਿੱਚ ਬੁਲੇਟ ਮੋਟਰਸਾਈਕਲ ਦਿੱਤੇ ਜਾਣ ਤੇ ਉਨ੍ਹਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਨੂੰ ਕਹਿ ਰਹੇ ਹਨ।
ਲੜਕੀ ਦੀ ਮਾਂ ਮੁਤਾਬਕ ਪਿੰਡ ਦੇ ਇਨ੍ਹਾਂ ਲੋਕਾਂ ਦੀ ਦਲੀਲ ਹੈ ਕਿ ਵਿਆਹ ਵਿੱਚ ਬੁਲੇਟ ਉੱਚੀ ਜਾਤ ਵਾਲੇ ਹੀ ਦੇ ਸਕਦੇ ਹਨ। ਲੜਕੀ ਦੀ ਮਾਂ ਮੁਤਾਬਕ ਪਿੰਡ ਦੇ ਇਨ੍ਹਾਂ ਲੋਕਾਂ ਨੇ ਬਰਾਤ ਤੇ ਇੱਟਾਂ ਰੋੜੇ ਵਰਸਾਉਣ ਤਕ ਦੀ ਗੱਲ ਆਖੀ ਹੈ।
ਉਸ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਵਿਆਹ ਵਿੱਚ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ। ਵਿਆਹ ਵਿੱਚ 27 ਪੁਲਿਸ ਵਾਲੇ ਪਹੁੰਚੇ ਹੋਏ ਸਨ।
ਜਿਨ੍ਹਾਂ ਵਿੱਚ 2 ਪੁਲਿਸ ਅਫਸਰ, 3 ਸਬ ਇੰਸਪੈਕਟਰ, ਇੱਕ ਮਹਿਲਾ ਸਬ ਇੰਸਪੈਕਟਰ, 3 ਹੈੱਡ ਕਾਂਸਟੇਬਲ, 9 ਕਾਂਸਟੇਬਲ, 3 ਮਹਿਲਾ ਕਾਂਸਟੇਬਲ ਅਤੇ 6 ਹੋਮ ਗਾਰਡ ਸ਼ਾਮਲ ਸਨ। ਪੁਲਿਸ ਟੀਮ ਤੋਂ ਇਲਾਵਾ ਡਰੋਨ ਰਾਹੀਂ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਸੀ। ਵਿਆਹ ਦਾ ਸਾਰਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ।
ਲੜਕੀ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਹੁਣ ਸੁਆਲ ਉੱਠਦਾ ਹੈ ਕਿ ਅਜਿਹੇ ਹਾਲਾਤ ਪੈਦਾ ਹੀ ਕਿਉਂ ਹੁੰਦੇ ਹਨ? ਸੋਸ਼ਲ ਮੀਡੀਆ ਯੂਜ਼ਰ ਇਸ ਘਟਨਾ ਤੇ ਵੱਖੋ ਵੱਖਰੇ ਕੁਮੈੰਟ ਕਰ ਰਹੇ ਹਨ।