ਕਈ ਵਾਰ ਕਿਸੇ ਅਦਾਕਾਰ ਦੁਆਰਾ ਕਿਸੇ ਫਿਲਮ ਵਿੱਚ ਨਿਭਾਇਆ ਕਿਰਦਾਰ ਯਾਦਗਾਰੀ ਹੋ ਨਿੱਬੜਦਾ ਹੈ। ਸਾਲਾਂ ਬੱਧੀ ਦਰਸ਼ਕ ਉਸ ਰੋਲ ਨੂੰ ਨਹੀਂ ਭੁੱਲਦੇ। ਇਸ ਤਰਾਂ ਦੀ ਹੀ ਸੁਪਰ ਹਿੱਟ ਇੱਕ ਫਿਲਮ ਸੀ ‘ਗਦਰ’ ਇਹ ਫਿਲਮ 1947 ਦੀ ਭਾਰਤ-ਪਾਕਿਸਤਾਨ ਵੰਡ ਦੀ ਕਹਾਣੀ ਤੋਂ ਬਿਨਾਂ 2 ਪ੍ਰੇਮੀਆਂ ਦੀ ਪ੍ਰੇਮ ਕਹਾਣੀ ਵੀ ਹੈ।
ਭਾਵੇਂ ਸਾਰੇ ਕਲਾਕਾਰਾਂ ਨੇ ਇਸ ਫਿਲਮ ਵਿੱਚ ਬਾ-ਕਮਾਲ ਕੰਮ ਕੀਤਾ ਪਰ ਦਰਸ਼ਕ ਇਸ ਫਿਲਮ ਦੇ ‘ਜੀਤ’ ਨੂੰ ਅਜੇ ਵੀ ਨਹੀਂ ਭੁੱਲੇ। ਸਕੀਨਾ ਦੇ ਕਿਰਦਾਰ ਵਿੱਚ ਅਮੀਸ਼ਾ ਪਟੇਲ ਇੱਕ ਅਜਿਹੇ ਪਰਿਵਾਰ ਦੀ ਲੜਕੀ ਹੈ, ਜਿਹੜਾ ਮੁਲਕ ਦੀ ਵੰਡ ਹੋ ਜਾਣ ਕਾਰਨ ਭਾਰਤ ਛੱਡ ਕੇ ਪਾਕਿਸਤਾਨ ਜਾ ਰਿਹਾ ਹੈ।
ਇਸ ਦੌਰਾਨ ਹੀ ਟਰੇਨ ਚੜ੍ਹਦੇ ਵਕਤ ਸਕੀਨਾ ਆਪਣੇ ਪਰਿਵਾਰ ਤੋਂ ਅਲੱਗ ਹੋ ਜਾਂਦੀ ਹੈ। ਉਸ ਦੇ ਪਿਤਾ ਦੇ ਰੂਪ ਵਿੱਚ ਅਮਰੀਸ਼ ਪੁਰੀ ਆਪਣੀ ਧੀ ਲਈ ਕਿਵੇਂ ਤਰਲੋ ਮੱਛੀ ਹੁੰਦਾ ਹੈ? ਇਹ ਸਭ ਦਰਸ਼ਕ ਦੇਖ ਚੁੱਕੇ ਹਨ। ਸੰਨੀ ਦਿਓਲ ਇੱਕ ਸਿੱਖ ਟਰੱਕ ਡਰਾਈਵਰ ਤਾਰਾ ਸਿੰਘ ਦੇ ਰੋਲ ਵਿੱਚ ਸਕੀਨਾ ਨੂੰ ਬਚਾਉੰਦਾ ਹੈ।
ਦੋਵਾਂ ਵਿੱਚ ਪਿਆਰ ਹੋਇਆ ਅਤੇ ਵਿਆਹ ਵੀ ਹੋ ਗਿਆ। ਇਨ੍ਹਾਂ ਦੇ ਘਰ ਇੱਕ ਪੁੱਤਰ ‘ਜੀਤ’ ਨੇ ਜਨਮ ਲਿਆ। ਦੂਜੇ ਪਾਸੇ ਸਕੀਨਾ ਦਾ ਪਿਤਾ ਅਮਰੀਸ਼ ਪੁਰੀ ਕਿਸੇ ਤਰਾਂ ਸਕੀਨਾ ਨੂੰ ਪਾਕਿਸਤਾਨ ਲਿਜਾਣ ਵਿੱਚ ਕਾਮਯਾਬ ਹੋ ਗਿਆ ਪਰ ਤਾਰਾ ਸਿੰਘ ਅਤੇ ਉਸ ਦਾ ਪੁੱਤਰ ਜੀਤ ਸਰਹੱਦ ਟੱਪ ਕੇ ਪਾਕਿਸਤਾਨ ਚਲੇ ਜਾਂਦੇ ਹਨ ਅਤੇ ਸਕੀਨਾ ਨੂੰ ਭਾਰਤ ਲੈ ਅਉੰਦੇ ਹਨ।
ਇਸ ਦੌਰਾਨ ਇਨ੍ਹਾਂ ਨਾਲ ਜੋ ਬੀਤਿਆ, ਉਹ ਅਸੀਂ ਫਿਲਮ ਵਿੱਚ ਦੇਖ ਚੁੱਕੇ ਹਾਂ। ਅਸੀਂ ਗੱਲ ਕਰਦੇ ਹਾਂ ‘ਜੀਤ’ ਦੀ। ਜੀਤ ਦਾ ਅਸਲ ਨਾਮ ਉਤਕਰਸ਼ ਸ਼ਰਮਾ ਹੈ। ਉਹ ਡਾਇਰੈਕਟਰ ਅਨਿਲ ਸ਼ਰਮਾ ਦਾ ਪੁੱਤਰ ਹੈ। ਇਹ ਫਿਲਮ 2001 ਵਿੱਚ ਰਿਲੀਜ਼ ਹੋਈ ਸੀ। ਉਸ ਸਮੇਂ ਉਤਕਰਸ਼ ਸ਼ਰਮਾ ਉਰਫ ਜੀਤ ਬੱਚਾ ਸੀ।
ਅੱਜ ਉਹ ਖੁਦ ਡਾਇਰੈਕਟਰ ਬਣ ਚੁੱਕਾ ਹੈ। 2015 ਵਿੱਚ ਉਤਕਰਸ਼ ਸ਼ਰਮਾ ਉਰਫ ਜੀਤ ਨੇ 2 ਫਿਲਮਾਂ ਬਣਾਈਆਂ। ਇੱਥੇ ਹੀ ਬੱਸ ਨਹੀਂ ਉਨ੍ਹਾਂ ਨੇ ਇਹ ਫਿਲਮਾਂ ਡਾਇਰੈਕਟ ਵੀ ਕੀਤੀਆਂ ਅਤੇ ਲਿਖੀਆਂ ਵੀ। ਇਨ੍ਹਾਂ ਫਿਲਮਾਂ ਦੇ ਨਾਮ ‘ਪਰਪਜ’ ਅਤੇ ‘ਹੋਮ’ ਹਨ।
ਅੱਜਕੱਲ੍ਹ ਉਨ੍ਹਾਂ ਦਾ ਜੀਵਨ ਕਾਫੀ ਰੁਝੇਵਿਆਂ ਭਰਭੂਰ ਹੈ। ਜਿਸ ਕਰਕੇ ਉਹ ਆਮ ਲੋਕਾਂ ਦੇ ਸੰਪਰਕ ਵਿੱਚ ਨਹੀਂ ਰਹਿੰਦੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਆਮ ਵਾਇਰਲ ਨਹੀਂ ਹੁੰਦੀਆਂ।
ਅੱਜਕੱਲ੍ਹ ਤਾਂ ਉਨ੍ਹਾਂ ਨੂੰ ‘ਜੀਤ’ ਦੇ ਰੂਪ ਵਿੱਚ ਨਹੀਂ ਪਛਾਣਿਆ ਜਾ ਸਕਦਾ ਪਰ ਦਰਸ਼ਕਾਂ ਦੇ ਮਨਾਂ ਵਿੱਚ ਉਸੇ ‘ਜੀਤ’ ਦਾ ਚਿਹਰਾ ਅੱਜ ਵੀ ਉੱਕਰਿਆ ਹੋਇਆ ਹੈ।
ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ‘ਗਦਰ-2’ ਵੀ ਆ ਰਹੀ ਹੈ ਪਰ ‘ਗਦਰ’ ਦਾ ‘ਜੀਤ’ ਹੁਣ ਜਵਾਨ ਹੋ ਚੁੱਕਾ ਹੈ ਅਤੇ ਦਮਦਾਰ ਅਵਾਜ਼ ਦਾ ਮਾਲਕ ਅਮਰੀਸ਼ ਪੁਰੀ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕਾ ਹੈ।