ਜਿੱਥੇ 4 ਬੰਦੇ ਜੁੜਦੇ ਹਨ ਉਹ ਸੂਬੇ ਦੇ ਹਾਲਾਤਾਂ ਤੇ ਚਰਚਾ ਜ਼ਰੂਰ ਕਰਦੇ ਹਨ। ਜਿਸ ਵਿੱਚ ਸਰਕਾਰੀ ਸਕੂਲਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਸਿੱਖਿਆ ਦੇ ਪੱਧਰ ਵਿੱਚ ਆ ਰਹੀ ਗਿਰਾਵਟ ਲਈ ਆਮ ਤੌਰ ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਹ ਕਿਸੇ ਹੱਦ ਤੱਕ ਸੱਚ ਵੀ ਹੈ ਪਰ ਸੁਆਲ ਉੱਠਦਾ ਹੈ ਕੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ?
ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਅਧਿਆਪਕ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੇ 4 ਸਾਲ ਵਿੱਚ ਸਕੂਲ ਦੀ ਕਾਇਆ ਕਲਪ ਦਿੱਤੀ ਹੈ। ਇਹ ਅਧਿਆਪਕ ਹਨ। ਉੱਘੇ ਪੰਜਾਬੀ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਦੇ ਪਿਤਾ ਜੀ।

ਜੋ ਕਿ ਇੱਕ ਸਰਕਾਰੀ ਸਕੂਲ ਵਿੱਚ ਇੱਕ ਪ੍ਰਿੰਸੀਪਲ ਵਜੋਂ 4 ਸਾਲ ਤੋਂ ਡਿਊਟੀ ਕਰ ਰਹੇ ਹਨ ਅਤੇ ਜਲਦੀ ਹੀ ਸੇਵਾ ਮੁਕਤ ਹੋਣ ਵਾਲੇ ਹਨ। ਇਨ੍ਹਾਂ 4 ਸਾਲਾਂ ਵਿੱਚ ਉਨ੍ਹਾਂ ਨੇ ਸਕੂਲ ਦੀ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਇਹ ਸਕੂਲ ਦੇਖਣ ਨੂੰ ਸਰਕਾਰੀ ਸਕੂਲ ਜਾਪਦਾ ਹੀ ਨਹੀਂ। ਇਸ ਤਰਾਂ ਲੱਗਦਾ ਹੈ ਜਿਵੇਂ ਕੋਈ ਨਿੱਜੀ ਸਕੂਲ ਹੋਵੇ। ਇਸ ਸਕੂਲ ਵਿੱਚ ਬੱਚਿਆਂ ਲਈ ਆਧੁਨਿਕ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਿੰਸੀਪਲ ਦੁਆਰਾ ਆਪਣੇ ਨਿੱਜੀ ਖਰਚੇ ਤੇ ਇੱਕ ਅਜਿਹਾ ਕਮਰਾ ਬਣਵਾਇਆ ਗਿਆ ਹੈ, ਜਿਸ ਵਿੱਚ ਪੁਰਾਤਨ ਸੱਭਿਆਚਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇੱਥੇ ਪੁਰਾਤਨ ਸੱਭਿਆਚਾਰ ਨਾਲ ਸਬੰਧਿਤ ਚੀਜ਼ਾਂ ਨੂੰ ਚਿੱਤਰਾਂ ਦੇ ਰੂਪ ਵਿੱਚ ਕੰਧਾਂ ਤੇ ਦਰਸਾਇਆ ਗਿਆ ਹੈ। ਨਾਲ ਹੀ ਇਨ੍ਹਾਂ ਚੀਜ਼ਾਂ ਦੇ ਨਾਮ ਲਿਖੇ ਹੋਏ ਹਨ। ਇਨ੍ਹਾਂ ਵਿੱਚ ਪੁਰਾਣੇ ਗਹਿਣੇ, ਭਾਂਡੇ, ਚਰਖੇ, ਚਾਟੀਆਂ ਅਤੇ ਮਧਾਣੀਆਂ ਆਦਿ ਭਾਵ ਜੋ ਵਸਤੂਆਂ ਸਾਡੇ ਆਧੁਨਿਕ ਜੀਵਨ ਵਿੱਚੋਂ ਅਲੋਪ ਹੋ ਰਹੀਆਂ ਹਨ, ਇੱਥੇ ਦੇਖੀਆਂ ਜਾ ਸਕਦੀਆਂ ਹਨ।
ਇਸ ਤੋਂ ਬਿਨਾਂ ਇਤਿਹਾਸ ਦੀ ਵੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਚਿੱਤਰ ਬਣਾ ਕੇ ਉਨ੍ਹਾਂ ਦਾ ਇਤਿਹਾਸ ਦੱਸਿਆ ਗਿਆ ਹੈ। ਕੰਧ ਉੱਤੇ ਲਿਖਿਆ ਹੈ, ਕੀ ਮੈੰ ਅੱਜ ਆਪਣਾ ਫਰਜ ਨਿਭਾਇਆ ਹੈ? ਇਹ ਸੁਆਲ ਸਕੂਲ ਅਧਿਆਪਕਾਂ ਵੱਲ ਵੀ ਇਸ਼ਾਰਾ ਕਰਦਾ ਹੈ।

ਇਸ ਦਾ ਭਾਵ ਹੈ ਕਿ ਜੇਕਰ ਉਨ੍ਹਾਂ ਨੇ ਅੱਜ ਵਿਦਿਆਰਥੀਆਂ ਨੂੰ ਨਹੀਂ ਪੜ੍ਹਾਇਆ ਤਾਂ ਕੱਲ੍ਹ ਨੂੰ ਜ਼ਰੂਰ ਪੜ੍ਹਾਉਣ ਕਿਉਂਕਿ ਇਸ ਦੇ ਬਦਲੇ ਉਨ੍ਹਾਂ ਨੂੰ ਤਨਖਾਹ ਮਿਲਦੀ ਹੈ। ਪ੍ਰਿੰਸੀਪਲ ਜਲਦੀ ਹੀ ਸੇਵਾ ਮੁਕਤ ਹੋਣ ਵਾਲੇ ਹਨ। ਅੰਮ੍ਰਿਤ ਮਾਨ ਅਤੇ ਉਨ੍ਹਾਂ ਦੇ ਪਿਤਾ ਦਾ ਵਿਚਾਰ ਹੈ ਕਿ ਉਹ ਹਰ ਸਾਲ ਇੱਕ ਸਕੂਲ ਵਿੱਚ ਆਪਣੀਆਂ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਨਗੇ।
ਜੇਕਰ ਪਿਤਾ ਪੁੱਤਰ ਦੀ ਇਸ ਜੋੜੀ ਵਾਂਗ ਹੀ ਹਰ ਸਰਕਾਰੀ ਸਕੂਲ ਅਧਿਆਪਕ ਆਪਣੇ ਵੱਲੋਂ ਕੁਝ ਨਾ ਕੁਝ ਉਪਰਾਲਾ ਕਰੇ ਤਾਂ ਬਹੁਤ ਜਲਦੀ ਸਰਕਾਰੀ ਸਕੂਲਾਂ ਦਾ ਸਿੱਖਿਆ ਪੱਧਰ ਉੱਚਾ ਹੋ ਸਕਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅੰਮ੍ਰਿਤ ਮਾਨ ਅਤੇ ਉਨ੍ਹਾਂ ਦੇ ਪਿਤਾ ਆਪਣੇ ਮਨੋਰਥ ਵਿੱਚ ਕਾਮਯਾਬ ਹੋਣਗੇ।

ਅੰਮ੍ਰਿਤ ਮਾਨ ਪੰਜਾਬੀ ਗਾਇਕੀ ਦੇ ਨਾਲ ਨਾਲ ਅਦਾਕਾਰੀ ਵੀ ਕਰ ਰਹੇ ਹਨ। ਉਨ੍ਹਾਂ ਦੇ ਕਿੰਨੇ ਹੀ ਗਾਣੇ ਸਰੋਤਿਆਂ ਦੀ ਜ਼ੁਬਾਨ ਤੇ ਚੜ੍ਹ ਚੁੱਕੇ ਹਨ। ਇਹ ਉਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਦੇ ਨਾਲ ਹੀ ਜੋ ਸਰਕਾਰੀ ਸਕੂਲਾਂ ਦੇ ਪ੍ਰਤੀ ਫੈਸਲਾ ਲਿਆ ਗਿਆ ਹੈ, ਉਹ ਇੱਕ ਚੰਗਾ ਕਦਮ ਕਿਹਾ ਜਾ ਸਕਦਾ ਹੈ। ਹੇਠਾਂ ਦੇਖੋ ਇਸ ਆਰਟੀਕਲ ਨਾਲ ਜੁੜੀ ਵੀਡੀਓ