ਅਸਲ ਗਿਆਨ ਬੱਚੇ ਨੂੰ ਸਕੂਲ ਵਿੱਚੋਂ ਹੀ ਹਾਸਲ ਹੁੰਦਾ ਹੈ। ਪਰਿਵਾਰ ਤੋਂ ਬਾਅਦ ਅਧਿਆਪਕ ਹੀ ਬੱਚੇ ਨੂੰ ਗਿਆਨ ਦਿੰਦੇ ਹਨ। ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਵਰਗਾ ਹੁੰਦਾ ਹੈ। ਬੱਚੇ ਨੂੰ ਜੋ ਸਿੱਖਿਆ ਬਚਪਨ ਵਿੱਚ ਮਿਲਦੀ ਹੈ, ਉਹ ਹੀ ਉਸ ਦੀ ਸੋਚ ਦਾ ਆਧਾਰ ਬਣ ਜਾਂਦੀ ਹੈ। ਜ਼ਿੰਦਗੀ ਭਰ ਵਿਦਿਆਰਥੀ ਆਪਣੇ ਅਧਿਆਪਕ ਦੁਆਰਾ ਦਿੱਤੀ ਗਈ ਸਿੱਖਿਆ ਤੇ ਅਮਲ ਕਰਦੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੀ ਸੋਚ ਹੀ ਅਜਿਹੀ ਬਣ ਜਾਂਦੀ ਹੈ।
ਇੱਕ ਯੋਗ ਅਤੇ ਆਦਰਸ਼ਵਾਦੀ ਅਧਿਆਪਕ ਦੀ ਸਿੱਖਿਆ ਤੇ ਚੱਲ ਕੇ ਹੀ ਵਿਦਿਆਰਥੀ ਜ਼ਿੰਦਗੀ ਵਿੱਚ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚ ਸਕਦੇ ਹਨ। ਯੋਗ ਅਧਿਆਪਕ ਦੁਆਰਾ ਦਿੱਤੀ ਗਈ ਸਿੱਖਿਆ ਹੀ ਇਨਸਾਨ ਦੀ ਜ਼ਿੰਦਗੀ ਵਿੱਚ ਕੰਮ ਆਉੰਦੀ ਹੈ। ਅਸੀਂ ਅਕਸਰ ਹੀ ਸਕੂਲਾਂ ਬਾਰੇ ਖਬਰਾਂ ਸੁਣਦੇ ਰਹਿੰਦੇ ਹਾਂ। ਜਿੱਥੇ ਕਈ ਸਕੂਲਾਂ ਵਿੱਚ ਸਹੂਲਤਾਂ ਦੀ ਘਾਟ ਦੀ ਗੱਲ ਕੀਤੀ ਜਾਂਦੀ ਹੈ।
ਕਈ ਥਾਵਾਂ ਤੇ ਅਧਿਆਪਕਾਂ ਦੀ ਕਮੀ ਦੀ ਵੀ ਗੱਲ ਤੁਰਦੀ ਹੈ ਪਰ ਮਹਾਰਾਸ਼ਟਰ ਵਿੱਚ ਇੱਕ ਅਜਿਹਾ ਵੀ ਸਕੂਲ ਹੈ, ਜਿੱਥੇ ਸਿਰਫ ਇੱਕ ਹੀ ਵਿਦਿਆਰਥੀ ਪੜ੍ਹਦਾ ਹੈ। ਇਹ ਵਾਸ਼ਿਮ ਦੇ ਗਣੇਸ਼ਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਸਕੂਲ ਹੈ। ਇੱਥੇ 32 ਪਰਿਵਾਰ ਰਹਿੰਦੇ ਹਨ ਅਤੇ ਇੱਥੋਂ ਦੀ ਅਬਾਦੀ ਸਿਰਫ 150 ਹੈ। ਇਹ ਚੌਥੀ ਜਮਾਤ ਤੱਕ ਦਾ ਸਕੂਲ ਹੈ। ਜਿਸ ਵਿੱਚ ਕਾਰਤਿਕ ਸ਼ੇਗੋਕਰ ਨਾਮ ਦਾ ਬੱਚਾ ਤੀਸਰੀ ਜਮਾਤ ਵਿੱਚ ਪੜ੍ਹਦਾ ਹੈ।
ਇਸ ਇਲਾਕੇ ਵਿੱਚ ਇਸ ਉਮਰ ਦੇ ਸਿਰਫ 3 ਬੱਚੇ ਹਨ। ਇਨ੍ਹਾਂ ਵਿੱਚੋਂ 2 ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਵਿੱਚ ਪੜ੍ਹਦੇ ਹਨ। ਸਕੂਲ ਸਵੇਰੇ 10-30 ਵਜੇ ਲੱਗਦਾ ਹੈ ਅਤੇ 5 ਵਜੇ ਛੁੱਟੀ ਹੁੰਦੀ ਹੈ। ਭਾਵੇਂ ਸਕੂਲ ਵਿੱਚ ਇੱਕ ਹੀ ਵਿਦਿਆਰਥੀ ਹੈ ਪਰ ਫੇਰ ਵੀ ਹੋਰ ਸਕੂਲਾਂ ਵਾਂਗ ਹੀ ਸਵੇਰੇ ਪ੍ਰਾਰਥਨਾ ਹੁੰਦੀ ਹੈ। ਰਾਸ਼ਟਰੀ ਗੀਤ ਗਾਇਆ ਜਾਂਦਾ ਹੈ।
ਇਸ ਸਕੂਲ ਵਿੱਚ ਇੱਕ ਹੀ ਅਧਿਆਪਕ ਹੈ। ਇਨ੍ਹਾਂ ਦਾ ਨਾਮ ਕਿਸ਼ੋਰ ਮੰਕਰ ਹੈ। ਜੋ 12 ਕਿਲੋਮੀਟਰ ਤੋਂ ਰੋਜ਼ਾਨਾ ਆਉਂਦੇ ਹਨ। ਕਈ ਵਾਰ ਅਧਿਆਪਕ ਕਿਸ਼ੋਰ ਮੰਕਰ ਹੀ ਬੱਚੇ ਦਾ ਖੇਡਣ ਵਿੱਚ ਸਾਥ ਦਿੰਦੇ ਹਨ ਤਾਂ ਕਿ ਬੱਚਾ ਆਪਣੇ ਸਾਥੀਆਂ ਦੀ ਕਮੀ ਮਹਿਸੂਸ ਨਾ ਕਰੇ। ਇਹ ਸਰਕਾਰ ਦੀ ਵੀ ਦਰਿਆ ਦਿਲੀ ਕਹੀ ਜਾ ਸਕਦੀ ਹੈ, ਜੋ ਇੱਕ ਬੱਚੇ ਲਈ ਵੀ ਸਕੂਲ ਚਲਾ ਰਹੀ ਹੈ।
ਅਧਿਆਪਕ ਦੀ ਇੱਛਾ ਹੈ ਕਿ ਇੱਥੇ ਹੋਰ ਵੀ ਵਿਦਿਆਰਥੀ ਪੜ੍ਹਨ ਲਈ ਆਉਣ। ਹਾਲਾਤ ਇਹ ਹਨ ਕਿ ਜੇਕਰ ਵਿਦਿਆਰਥੀ ਸਕੂਲ ਨਾ ਆਵੇ ਤਾਂ ਅਧਿਆਪਕ ਕਿਸ ਨੂੰ ਪੜ੍ਹਾਏ ਅਤੇ ਜੇਕਰ ਅਧਿਆਪਕ ਛੁੱਟੀ ਤੇ ਹੋਵੇ ਤਾਂ ਸਕੂਲ ਬੰਦ।