ਸਾਲ 2022 ਦੌਰਾਨ ਵਿਦੇਸ਼ਾਂ ਵਿੱਚ ਕਿੰਨੇ ਹੀ ਪੰਜਾਬੀ ਨੌਜਵਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਨ੍ਹਾਂ ਸਾਰੇ ਮਾਮਲਿਆਂ ਦੇ ਕਾਰਨ ਵੱਖਰੇ ਵੱਖਰੇ ਹਨ। ਕਈ ਜਾਨਾਂ ਪਾਣੀ ਵਿੱਚ ਡੁੱਬਣ ਕਰਕੇ ਗਈਆਂ। ਕਈ ਸੜਕ ਹਾਦਸਿਆਂ ਦੀ ਭੇਟ ਚੜ੍ਹ ਗਏ। ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ।
ਜਦਕਿ ਕਿਸੇ ਨਾਲ ਕੋਈ ਹੋਰ ਭਾਣਾ ਵਾਪਰ ਗਿਆ। ਔਲਾਦ ਦਾ ਵਿਛੋੜਾ ਮਾਪਿਆਂ ਲਈ ਅਸਹਿ ਹੁੰਦਾ ਹੈ ਪਰ ਕੀਤਾ ਵੀ ਕੁਝ ਨਹੀਂ ਜਾ ਸਕਦਾ। ਮਾਪੇ ਤਾਂ ਆਪਣੇ ਧੀਆਂ ਪੁੱਤਰਾਂ ਨੂੰ ਉਨ੍ਹਾਂ ਦੇ ਭਲੇ ਲਈ ਹੀ ਵਿਦੇਸ਼ ਭੇਜਦੇ ਹਨ। ਹੁਣ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਬੁਰੀ ਖਬਰ ਸੁਣਨ ਨੂੰ ਮਿਲੀ ਹੈ।
ਜਿੱਥੇ ਸਰੀ ਸ਼ਹਿਰ ਦੇ ਅਲੈਗਜ਼ੈਂਡਰ ਕਾਲਜ ਵਿੱਚ ਪੜ੍ ਰਿਹਾ ਇੱਕ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਸਦਾ ਦੀ ਨੀਂਦ ਸੌੰ ਗਿਆ ਹੈ। ਉਸ ਦੀ ਉਮਰ 19 ਸਾਲ ਸੀ। ਉਹ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਬਖਸ਼ੀਵਾਲਾ ਨਾਲ ਸਬੰਧਿਤ ਸੀ। ਗੁਰਜੋਤ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ।
ਉਸ ਦੇ ਤੁਰ ਜਾਣ ਪਿੱਛੋਂ ਉਸ ਦੇ ਮਾਤਾ ਪਿਤਾ ਦਾ ਕੋਈ ਸਹਾਰਾ ਨਹੀਂ ਰਿਹਾ। ਘਟਨਾ ਤੋਂ ਪਹਿਲਾਂ ਗੁਰਜੋਤ ਨੇ ਪੰਜਾਬ ਵਿੱਚ ਆਪਣੇ ਪਰਿਵਾਰ ਨਾਲ ਫੋਨ ਤੇ ਗੱਲਬਾਤ ਕੀਤੀ ਸੀ। ਸਭ ਕੁਝ ਠੀਕ ਠਾਕ ਸੀ। ਇਸ ਤੋਂ ਕੁਝ ਦੇਰ ਬਾਅਦ ਗੁਰਜੋਤ ਦੇ ਪਰਿਵਾਰ ਨੂੰ ਕੈਨੇਡਾ ਤੋਂ ਪੁਲਿਸ ਦਾ ਫੋਨ ਆਇਆ।
ਫੋਨ ਤੇ ਪਰਿਵਾਰ ਨੂੰ ਦੱਸਿਆ ਗਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਗੁਰਜੋਤ ਇਸ ਦੁਨੀਆਂ ਤੇ ਨਹੀਂ ਰਿਹਾ। ਗੁਰਜੋਤ ਦੀ ਮਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਗੁਰਜੋਤ ਸਿੰਘ ਸਤੰਬਰ 2022 ਵਿੱਚ ਭਾਰਤ ਤੋਂ ਕੈਨੇਡਾ ਗਿਆ ਸੀ। ਕੁਝ ਦੇਰ ਬਾਅਦ ਹੀ ਉਸ ਦੀ ਸਿਹਤ ਠੀਕ ਨਾ ਰਹਿਣ ਕਾਰਨ ਉਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ।
ਜਿਸ ਕਰਕੇ ਉਹ 3 ਜਨਵਰੀ 2023 ਨੂੰ ਭਾਰਤ ਵਾਪਸ ਆ ਗਿਆ। ਕੁਝ ਦਿਨ ਉਹ ਇੱਥੇ ਰਿਹਾ ਅਤੇ ਫਿਰ ਵਾਪਸ ਕੈਨੇਡਾ ਚਲਾ ਗਿਆ। 6 ਫਰਵਰੀ ਨੂੰ ਉਸ ਨਾਲ ਇਹ ਭਾਣਾ ਵਾਪਰ ਗਿਆ। ਉਸ ਦੀ ਮਿਰਤਕ ਦੇਹ ਭਾਰਤ ਲਿਆਉਣ ਲਈ ਉੱਥੇ ਗੋ ਫੰਡ ਮੀ ਪੇਜ ਸਥਾਪਤ ਕੀਤਾ ਗਿਆ ਹੈ। ਪਰਿਵਾਰ ਦੀ ਮੰਗ ਹੈ ਕਿ ਗੁਰਜੋਤ ਸਿੰਘ ਦੀ ਮਿਰਤਕ ਦੇਹ ਜਲਦੀ ਤੋਂ ਜਲਦੀ ਭਾਰਤ ਮੰਗਵਾਈ ਜਾਵੇ।