ਕੈਟਰੀਨਾ ਕੈਫ਼ ਦਾ ਨਾਮ ਬਾਲੀਵੁੱਡ ਦੀਆਂ ਮਹਿੰਗੀਆਂ ਅਭਿਨੇਤਰੀਆਂ ਵਿੱਚ ਲਿਆ ਜਾਂਦਾ ਹੈ। ਜਿਸ ਦਾ ਭਾਵ ਹੈ ਕਿ ਕੈਟਰੀਨਾ ਕਿਸੇ ਫਿਲਮ ਲਈ ਹੋਰ ਅਭਿਨੇਤਰੀਆਂ ਨਾਲੋਂ ਵੱਧ ਮਿਹਨਤਾਨਾ ਵਸੂਲਦੀ ਹੈ। ਕੈਟਰੀਨਾ ਉਹ ਅਦਾਕਾਰਾ ਹੈ, ਜਿਸ ਨੇ ਸਿਰਫ ਬਾਲੀਵੁੱਡ ਫਿਲਮਾਂ ਹੀ ਨਹੀਂ ਸਗੋਂ ਤੇਲਗੂ ਅਤੇ ਮਲਿਆਲਮ ਭਾਸ਼ਾ ਦੀਆਂ ਫਿਲਮਾਂ ਵੀ ਕੀਤੀਆਂ।
ਕੈਟਰੀਨਾ ਕੈਫ਼ ਦੀ ਉਮਰ ਇਸ ਸਮੇਂ ਲਗਭਗ 39 ਸਾਲ ਹੋ ਚੁੱਕੀ ਹੈ। ਉਨ੍ਹਾਂ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ ਵਿੱਚ ਹੋਇਆ। ਇਹ ਪਰਿਵਾਰ ਥੋੜ੍ਹੇ ਥੋੜ੍ਹੇ ਸਮੇਂ ਲਈ ਵੱਖ ਵੱਖ ਮੁਲਕਾਂ ਵਿੱਚ ਰਹਿੰਦਾ ਰਿਹਾ ਹੈ। ਜਿਸ ਕਰਕੇ ਸਕੂਲ ਵਿੱਚ ਜਾਣ ਦੀ ਬਜਾਏ ਕੈਟਰੀਨਾ ਦੀ ਜ਼ਿਆਦਾ ਪੜ੍ਹਾਈ ਘਰ ਵਿੱਚ ਹੀ ਟਿਊਸ਼ਨ ਦੇ ਰੂਪ ਵਿੱਚ ਹੋਈ ਹੈ।
ਕੈਟਰੀਨਾ ਦੇ ਪਿਤਾ ਮੁਹੰਮਦ ਕੈਫ਼ ਮੂਲ ਰੂਪ ਵਿੱਚ ਭਾਰਤ ਦੇ ਕਸ਼ਮੀਰ ਨਾਲ ਸਬੰਧਿਤ ਹਨ। ਉਹ ਇੱਕ ਬਿਜ਼ਨਸ ਮੈਨ ਹਨ। ਕੈਟਰੀਨਾ ਦੀ ਮਾਂ ਸੋਜ਼ਾਨਾ ਇੰਗਲਿਸ਼ ਵਕੀਲ ਅਤੇ ਚੈਰਿਟੀ ਵਰਕਰ ਹੈ। ਮੁਹੰਮਦ ਕੈਫ਼ ਦੇ 8 ਬੱਚੇ ਹਨ। ਜਿਨ੍ਹਾਂ ਵਿੱਚ 7 ਧੀਆਂ ਅਤੇ ਇੱਕ ਪੁੱਤਰ ਹੈ।
ਇਨ੍ਹਾਂ ਕੁੜੀਆਂ ਵਿੱਚ ਸਟੀਫਨੀ, ਕ੍ਰਿਸਟੀਨ, ਨਤਾਸ਼ਾ, ਕੈਟਰੀਨਾ, ਮੇਲਿਸਾ, ਸੋਨੀਆ ਅਤੇ ਇਜ਼ਾਬੇਲ ਹਨ ਜਦਕਿ ਪੁੱਤਰ ਦਾ ਨਾਮ ਮਾਈਕਲ ਹੈ। 3 ਲੜਕੀਆਂ ਅਤੇ ਲੜਕਾ ਕੈਟਰੀਨਾ ਤੋਂ ਵੱਡੇ ਹਨ। ਇਜ਼ਾਬੇਲ ਦੇ ਬਚਪਨ ਸਮੇਂ ਹੀ ਉਸ ਦੇ ਮਾਤਾ ਪਿਤਾ ਤਲਾਕ ਲੈ ਕੇ ਵੱਖ ਹੋ ਗਏ।
ਕਈ ਮੁਲਕਾਂ ਤੋਂ ਹੁੰਦੇ ਹੋਏ ਇਹ ਪਰਿਵਾਰ ਲੰਡਨ ਜਾ ਪਹੁੰਚਿਆ। ਕੈਟਰੀਨਾ ਨੇ 14 ਸਾਲ ਦੀ ਉਮਰ ਵਿੱਚ ਹੀ ਆਪਣੇ ਕਰੀਅਰ ਲਈ ਮਾਡਲਿੰਗ ਨੂੰ ਚੁਣ ਲਿਆ ਸੀ। ਲੰਡਨ ਦੇ ਇੱਕ ਫੈਸ਼ਨ ਸ਼ੋਅ ਸਮੇਂ ਨਿਰਮਾਤਾ ਕੈਜਾਦ ਗੁਸਤਾਵ ਨੇ ਕੈਟਰੀਨਾ ਨੂੰ ਦੇਖਿਆ।
ਉਨ੍ਹਾਂ ਨੇ ਕੈਟਰੀਨਾ ਨੂੰ ਆਪਣੀ ਫਿਲਮ ‘ਬੂਮ’ ਦੀ ਪੇਸ਼ਕਸ਼ ਕੀਤੀ। 2003 ਵਿੱਚ ਇਹ ਫਿਲਮ ਆਈ ਪਰ ਕੋਈ ਕ੍ਰਿਸ਼ਮਾ ਨਹੀਂ ਦਿਖਾ ਸਕੀ। ਜਿਸ ਤੋਂ ਬਾਅਦ ਕੈਟਰੀਨਾ ਨੇ 2004 ਵਿੱਚ ਤੇਲਗੂ ਫਿਲਮ ‘ਮੱਲੀਸਵਰੀ’ ਵਿੱਚ ਕਿਸਮਤ ਅਜ਼ਮਾਈ।
ਫੇਰ ਅਗਲੇ ਸਾਲ ਹਿੰਦੀ ਫਿਲਮ ‘ਮੈਨੇ ਪਿਆਰ ਕਿਉੰ ਕੀਆ’ ਅਤੇ 2007 ਵਿੱਚ ‘ਨਮਸਤੇ ਲੰਡਨ’ ਕੀਤੀ। 2012 ਵਿੱਚ ‘ਏਕ ਥਾ ਟਾਈਗਰ’ 2013 ਵਿੱਚ ‘ਧੂਮ 3’ ਅਤੇ 2014 ਵਿੱਚ ‘ਬੈੰਗ ਬੈੰਗ’ ਕੈਟਰੀਨਾ ਦੀਆਂ ਲਗਾਤਾਰ ਤਿੰਨੇ ਫਿਲਮਾਂ ਕਾਮਯਾਬ ਰਹੀਆਂ।
ਇਨ੍ਹਾਂ ਫਿਲਮਾਂ ਨੇ ਖੂਬ ਬਿਜ਼ਨਸ ਕੀਤਾ। ਜਿਸ ਨਾਲ ਕੈਟਰੀਨਾ ਦਾ ਨਾਮ ਚੱਲਣ ਲੱਗਾ। ਕੈਟਰੀਨਾ ਦੁਆਰਾ 2018 ਵਿੱਚ ‘ਡਰਾਮਾ ਜ਼ੀਰੋ’ ਵਿੱਚ ਨਿਭਾਏ ਗਏ ਸ਼ਰਾਬੀ ਦੇ ਰੋਲ ਨੂੰ ਬੇਹੱਦ ਸਲਾਹਿਆ ਗਿਆ। 9 ਦਸੰਬਰ 2021 ਨੂੰ ਕੈਟਰੀਨਾ ਅਤੇ ਵਿੱਕੀ ਕੌਸ਼ਲ ਨੇ ਰਾਜਸਥਾਨ ਦੇ ਫੋਰਟ ਬਰਵਾੜਾ ਵਿੱਚ ਵਿਆਹ ਕਰਵਾ ਲਿਆ।
ਕੈਟਰੀਨਾ ਦੀ ਛੋਟੀ ਭੈਣ ਇਜ਼ਾਬੇਲ ਕੈਫ਼ ਵੀ ਇੱਕ ਮਾਡਲ ਹੋਣ ਦੇ ਨਾਲ ਨਾਲ ਫਿਲਮਾਂ ਵਿੱਚ ਵੀ ਕੰਮ ਕਰਦੀ ਹੈ ਜਦਕਿ ਅਦਾਕਾਰਾ ਕੈਟਰੀਨਾ ਅਦਾਕਾਰੀ ਦੇ ਨਾਲ ਨਾਲ ਆਪਣੀ ਮਾਂ ਦੁਆਰਾ ਚਲਾਈ ਜਾਣ ਵਾਲੀ ਸੰਸਥਾ ਨਾਲ ਵੀ ਜੁੜੀ ਹੋਈ ਹੈ।