ਬਾਲੀਵੁੱਡ ਵਿੱਚ ‘ਹੀ ਮੈਨ’ ਵਜੋਂ ਜਾਣੇ ਜਾਂਦੇ ਧਰਮਿੰਦਰ ਨੂੰ ਇੱਕ ਅਦਾਕਾਰ, ਨਿਰਮਾਤਾ ਅਤੇ ਰਾਜਨੀਤਕ ਆਗੂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਲਗਾਤਾਰ 50 ਸਾਲ ਫਿਲਮਾਂ ਵਿੱਚ ਕੰਮ ਕਰਨ ਦਾ ਮਾਣ ਹਾਸਲ ਹੈ। ਉਹ ਭਾਰਤੀ ਜਨਤਾ ਪਾਰਟੀ ਵੱਲੋਂ ਬੀਕਾਨੇਰ ਤੋਂ ਐੱਮ ਪੀ ਰਹਿ ਚੁੱਕੇ ਹਨ।

ਨਿਰਮਾਤਾ ਦੇ ਤੌਰ ਤੇ ਪਹਿਲਾਂ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਸੰਨੀ ਦਿਓਲ ਲਈ ‘ਬੇਤਾਬ’ ਅਤੇ ‘ਘਾਇਲ’ ਫਿਲਮ ਬਣਾਈ। ਫੇਰ ਛੋਟੇ ਪੁੱਤਰ ਬਾਬੀ ਦਿਓਲ ਲਈ 1995 ਵਿੱਚ ‘ਬਰਸਾਤ’ ਬਣਾਈ। ਉਨ੍ਹਾਂ ਨੇ ਖੁਦ ਅਦਾਕਾਰ ਦੇ ਰੂਪ ਵਿੱਚ 300 ਤੋਂ ਵੀ ਜ਼ਿਆਦਾ ਫਿਲਮਾਂ ਕੀਤੀਆਂ। ਧਰਮਿੰਦਰ ਦਾ ਅਸਲ ਨਾਮ ਧਰਮ ਸਿੰਘ ਦਿਓਲ ਹੈ ਪਰ ਫਿਲਮ ਇੰਡਸਟਰੀ ਵਿੱਚ ਉਨ੍ਹਾਂ ਨੂੰ ‘ਧਰਮਿੰਦਰ’ ਦੇ ਨਾਮ ਨਾਲ ਹੀ ਜਾਣਿਆਂ ਜਾਂਦਾ ਹੈ।

ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਦਿਓਲ ਅਤੇ ਮਾਤਾ ਦਾ ਨਾਮ ਸਤਵੰਤ ਕੌਰ ਹੈ। ਇਹ ਇੱਕ ਸਿੱਖ ਪਰਿਵਾਰ ਹੈ। ਧਰਮਿੰਦਰ ਨੇ ਆਪਣੀ ਸਕੂਲੀ ਪੜ੍ਹਾਈ ਲਲਤੋਂ ਕਲਾਂ ਤੋਂ ਸ਼ੁਰੂ ਕੀਤੀ ਅਤੇ ਮੈਟ੍ਰਿਕ ਆਪਣੀ ਭੂਆ ਕੋਲ ਫਗਵਾੜਾ ਤੋਂ ਕੀਤੀ।

ਉਸ ਸਮੇਂ ਪੰਜਾਬ ਦੇ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਆਉਂਦੇ ਸਨ। ਅਜੇ ਪੰਜਾਬ ਸਕੂਲ ਸਿੱਖਿਆ ਬੋਰਡ ਹੋੰਦ ਵਿੱਚ ਨਹੀਂ ਸੀ ਆਇਆ। ਇੱਥੇ ਪਾਠਕਾਂ ਦੀ ਜਾਣਕਾਰੀ ਹਿੱਤ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਫਿਲਮਾਂ ਦੇ ਹੀਰੋ, ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਵਰਿੰਦਰ ਵੀ ਧਰਮਿੰਦਰ ਦੀ ਭੂਆ ਦੇ ਪੁੱਤਰ ਸਨ।

ਉਨ੍ਹਾਂ ਦਿਨਾਂ ਵਿੱਚ ਜਦੋਂ ਪੰਜਾਬ ਦਾ ਮਾਹੌਲ ਠੀਕ ਨਹੀਂ ਸੀ ਤਾਂ ਨਾਮਾਲੂਮ ਵਿਅਕਤੀਆਂ ਨੇ ਵਰਿੰਦਰ ਦੀ ਜਾਨ ਲੈ ਲਈ ਸੀ। 1954 ਵਿੱਚ ਧਰਮਿੰਦਰ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ। ਇਸ ਵਿਆਹ ਤੋਂ 2 ਪੁੱਤਰ ਸੰਨੀ ਦਿਓਲ, ਬਾਬੀ ਦਿਓਲ ਅਤੇ 2 ਧੀਆਂ ਵਿਜੇਤਾ ਅਤੇ ਅਜੀਤਾ ਦਾ ਜਨਮ ਹੋਇਆ।

ਧਰਮਿੰਦਰ ਦੀ ਸਭ ਤੋਂ ਪਹਿਲੀ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਹੈ। ਜੋ 1960 ਵਿੱਚ ਬਣੀ। ਫੇਰ ਅਗਲੇ ਸਾਲ ‘ਬੁਆਏ ਫਰੈੰਡ’ ਆਈ। ਜਿਸ ਵਿੱਚ ਧਰਮਿੰਦਰ ਨੇ ਸਹਾਇਕ ਦੀ ਭੂਮਿਕਾ ਨਿਭਾਈ ਸੀ। ਇਸ ਤਰਾਂ ਹੀ ਉਨ੍ਹਾਂ ਦੀਆਂ ਸੂਰਤ ਔਰ ਸੀਰਤ, ਬੰਦਿਨੀ, ਦਿਲ ਨੇ ਫਿਰ ਯਾਦ ਕੀਆ, ਅਨਪੜ੍ਹ, ਪੂਜਾ ਕੇ ਫੂਲ ਅਤੇ ਫੂਲ ਔਰ ਪੱਥਰ ਫਿਲਮਾਂ ਆਈਆਂ।

ਉਨ੍ਹਾਂ ਨੇ ਮੀਨਾ ਕੁਮਾਰੀ ਨਾਲ ਕਈ ਫਿਲਮਾਂ ਕੀਤੀਆਂ ਅਤੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਸਥਾਪਤ ਕਰਨ ਲਈ ਮੀਨਾ ਕੁਮਾਰੀ ਨੇ ਉਨ੍ਹਾਂ ਦੀ ਕਾਫੀ ਮੱਦਦ ਕੀਤੀ। ਫੇਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਜੋੜੀ ਖੂਬ ਜਮੀ। ਇਨ੍ਹਾਂ ਨੂੰ ਰਾਜਾ ਜਾਨੀ, ਸੀਤਾ ਔਰ ਗੀਤਾ, ਸ਼ਰਾਫਤ, ਨਯਾ ਜ਼ਮਾਨਾ, ਪੱਥਰ ਔਰ ਪਾਇਲ ਅਤੇ ਸ਼ੋਅਲੇ ਵਿੱਚ ਇਕੱਠੇ ਦੇਖਿਆ ਗਿਆ।

ਅਖੀਰ ਇਹ ਵਿਆਹ ਕਰਵਾ ਕੇ ਪਤੀ ਪਤਨੀ ਬਣ ਗਏ। ਇਨ੍ਹਾਂ ਦੇ ਘਰ 2 ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਪੈਦਾ ਹੋਈਆਂ। ਈਸ਼ਾ ਦਾ ਜਨਮ 1981 ਵਿੱਚ ਅਤੇ ਅਹਾਨਾ ਦਾ ਜਨਮ 1985 ਵਿੱਚ ਹੋਇਆ। ਧਰਮਿੰਦਰ ਨੂੰ ਹੁਣ ਤੱਕ ਅਨੇਕਾਂ ਅਵਾਰਡ ਮਿਲ ਚੁੱਕੇ ਹਨ।

ਉਨ੍ਹਾਂ ਨੂੰ 1997 ਵਿੱਚ ਫਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ। ਫੇਰ 2012 ਵਿੱਚ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ। 70 ਦੇ ਦਹਾਕੇ ਵਿੱਚ ਧਰਮਿੰਦਰ ਨੂੰ ਦੁਨੀਆਂ ਦੇ ਸਭ ਤੋਂ ਸੁੰਦਰ ਵਿਅਕਤੀ ਵਜੋਂ ਚੁਣਿਆ ਗਿਆ। ਫਿਕੀ ਵੱਲੋਂ ਉਨ੍ਹਾਂ ਨੂੰ ਲਿਵਿੰਗ ਲੀਜੈੰਡ ਅਵਾਰਡ ਦਿੱਤਾ ਗਿਆ। ਉਨ੍ਹਾਂ ਨੂੰ ਵਿਸ਼ਵ ਲੋਹ ਪੁਰਸ਼ ਅਵਾਰਡ ਵੀ ਮਿਲ ਚੁੱਕਾ ਹੈ।