ਮੇਰੀ ਮਾਂ ਨੇ ਮੈਨੂੰ ਗੋਦੀ ਚੱਕ ਖੂਹ ਚ ਮਾਰੀ ਛਾਲ

ਕੁਝ ਦਿਨ ਪਹਿਲਾਂ 26 ਜਨਵਰੀ ਨੂੰ ਅਸੀਂ ਗਣਤੰਤਰ ਦਿਵਸ ਮਨਾ ਕੇ ਹਟੇ ਹਾਂ। 26 ਜਨਵਰੀ 1950 ਨੂੰ ਅਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ ਜਦਕਿ 15 ਅਗਸਤ 1947 ਨੂੰ ਅਸੀਂ ਅੰਗਰੇਜ਼ੀ ਹਕੂਮਤ ਤੋਂ ਅਜ਼ਾਦ ਹੋਏ ਸੀ। ਇਸ ਅਜ਼ਾਦੀ ਨੂੰ ਹਾਸਲ ਕਰਨ ਲਈ ਸਾਨੂੰ ਬਹੁਤ ਵੱਡੀ ਕੀਮਤ ਉਤਾਰਨੀ ਪਈ ਹੈ।

ਖਾਸ ਕਰਕੇ ਪੰਜਾਬ ਅਤੇ ਬੰਗਾਲ ਸੂਬੇ ਦੀ ਜਨਤਾ ਨੂੰ, ਕਿਉਂਕਿ ਭਾਰਤ ਨੂੰ ਅਜ਼ਾਦ ਕਰਨ ਦੇ ਨਾਲ ਨਾਲ ਅੰਗਰੇਜ਼ ਭਾਰਤ ਦੀ ਵੰਡ ਕਰ ਗਏ ਸਨ। ਬੰਗਾਲ ਸੂਬੇ ਵਿੱਚੋਂ ਪੂਰਬੀ ਪਾਕਿਸਤਾਨ ਜਿਸ ਨੂੰ ਅੱਜਕੱਲ੍ਹ ਬੰਗਲਾਦੇਸ਼ ਕਿਹਾ ਜਾਂਦਾ ਹੈ ਅਤੇ ਪੰਜਾਬ ਸੂਬੇ ਵਿੱਚੋਂ ਪੱਛਮੀ ਪਾਕਿਸਤਾਨ ਬਣਾ ਦਿੱਤਾ ਗਿਆ, ਜੋ ਕਿ ਮੌਜੂਦਾ ਪਾਕਿਸਤਾਨ ਹੈ।

ਇਸ ਵੰਡ ਦੌਰਾਨ ਦੋਵੇਂ ਮੁਲਕਾਂ ਦੇ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਇੱਕ ਦੂਜੇ ਮੁਲਕ ਵਿੱਚ ਜਾਣਾ ਪਿਆ। ਜਦੋਂ ਪੂਰਾ ਭਾਰਤ ਅਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਪੰਜਾਬ ਅਤੇ ਬੰਗਾਲ ਦੇ ਦੋਵੇਂ ਹਿੱਸਿਆਂ ਵਿੱਚ ਪਾਣੀ ਅਤੇ ਜ਼ਮੀਨ ਲਾਲ ਹੋ ਚੁੱਕੀ ਸੀ। ਜਿਹੜੇ ਲੋਕ ਸਦੀਆਂ ਤੋਂ ਇਕੱਠੇ ਰਹਿ ਰਹੇ ਸੀ, ਉਹ ਹੀ ਇੱਕ ਦੂਜੇ ਧਰਮ ਦੇ ਲੋਕਾਂ ਦੀ ਜਾਨ ਲੈ ਰਹੇ ਸਨ।

ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਬਜ਼ੁਰਗ ਪ੍ਰੀਤਮ ਖਾਂ ਦੇ ਬਾਰੇ ਦੱਸਦੇ ਹਾਂ, ਜਿਸ ਦੀ ਉਮਰ ਉਸ ਸਮੇਂ ਸਿਰਫ 9 ਕੁ ਸਾਲ ਸੀ। ਉਸ ਸਮੇਂ ਇਹ ਪਰਿਵਾਰ ਪਾਇਲ ਨੇੜੇ ਪਿੰਡ ਅਸਲਾਪੁਰ ਵਿੱਚ ਰਹਿੰਦਾ ਸੀ। ਇਹ ਪਿੰਡ ਜ਼ਿਲ੍ਹਾ ਪਟਿਆਲਾ ਵਿੱਚ ਪੈਂਦਾ ਸੀ ਪਰ ਹੁਣ ਜ਼ਿਲ੍ਹਾ ਮਲੇਰਕੋਟਲਾ ਵਿੱਚ ਆਉਂਦਾ ਹੈ। ਬਜ਼ੁਰਗ ਪ੍ਰੀਤਮ ਖਾਂ ਦੀ ਉਮਰ ਹੁਣ 86 ਸਾਲ ਹੈ ਅਤੇ ਉਹ ਪਵਾਤ ਪਿੰਡ ਵਿੱਚ ਰਹਿੰਦਾ ਹੈ।

ਪ੍ਰੀਤਮ ਖਾਂ ਦੀ ਮਾਂ ਨੇ ਉਸ ਸਮੇਂ ਉਸ ਨੂੰ ਨਾਲ ਲੈ ਕੇ ਖੂਹ ਵਿੱਚ ਛਾਲ ਲਗਾ ਦਿੱਤੀ ਕਿਉਂਕਿ ਸਿੱਖਾਂ ਦੇ ਹੱਥ ਆਉਣ ਨਾਲੋਂ ਉਹ ਆਪਣੀ ਜਾਨ ਦੇਣੀ ਠੀਕ ਸਮਝਦੀ ਸੀ। ਉਹ ਇਹ ਵੀ ਨਹੀਂ ਸੀ ਚਾਹੁੰਦੀ ਕਿ ਉਸ ਦੇ ਮਗਰੋਂ ਉਸ ਦਾ ਪੁੱਤਰ ਰੁਲਦਾ ਫਿਰੇ। ਪ੍ਰੀਤਮ ਖਾਂ ਜਦੋਂ ਬਾਹਰ ਨਿਕਲ ਆਇਆ ਤਾਂ ਉੱਥੇ ਸ਼ਾਦੀ ਨਾਮ ਦਾ ਇੱਕ ਬਜ਼ੁਰਗ ਡੰਗਰ ਚਾਰਦਾ ਹੋਇਆ ਆ ਗਿਆ।

ਉਸ ਨੇ ਖੂਹ ਵਿੱਚ ਦੇਖ ਕੇ ਪ੍ਰੀਤਮ ਖਾਂ ਨੂੰ ਦੱਸਿਆ ਕਿ ਉਸ ਦੀ ਮਾਂ ਹੁਣ ਜਿਉਂਦੀ ਨਹੀਂ ਰਹੀ। ਉਹ ਬੱਚੇ ਨੂੰ ਨਾਲ ਲੈ ਕੇ ਘਰ ਨੂੰ ਤੁਰ ਪਿਆ ਜਦਕਿ ਬੱਚੇ ਪ੍ਰੀਤਮ ਖਾਂ ਦੀ ਮਿਰਤਕ ਮਾਂ ਖੂਹ ਵਿੱਚ ਹੀ ਪਈ ਰਹੀ। ਇਹ ਕਹਾਣੀ ਪਿੰਡ ਮੋਰਾਂਵਾਲੀ ਜ਼ਿਲ੍ਹਾ ਮਲੇਰਕੋਟਲਾ ਦੀ ਹੈ। ਜਦੋਂ ਬਜ਼ੁਰਗ ਸ਼ਾਦੀ ਬੱਚੇ ਸਮੇਤ ਪਿੰਡ ਪਹੁੰਚਿਆ ਤਾਂ ਗੁਰੂ ਘਰ ਅੱਗੇ ਬੈਠੇ ਕੁਝ ਸਿੱਖਾਂ ਨੇ ਸ਼ਾਦੀ ਨਾਲ ਸ਼ਿਕਵਾ ਕੀਤਾ ਕਿ ਉਹ ਤਾਂ ਇਸ ਧਰਮ ਦੇ ਲੋਕਾਂ ਨੂੰ ਖਤਮ ਕਰ ਰਹੇ ਹਨ ਪਰ ਸ਼ਾਦੀ ਇਸ ਧਰਮ ਦੇ ਬੱਚੇ ਨੂੰ ਬਚਾਅ ਰਿਹਾ ਹੈ।

ਅੱਗੋਂ ਬਜ਼ੁਰਗ ਸ਼ਾਦੀ ਸਿੱਧਾ ਹੋ ਗਿਆ ਕਿ ਜਦੋਂ ਤਕ ਉਹ ਜਿਉੰਦਾ ਹੈ, ਕੋਈ ਬੱਚੇ ਨੂੰ ਹੱਥ ਨਹੀਂ ਲਾ ਸਕਦਾ। ਜਿਸ ਤੋਂ ਬਾਅਦ ਇਹ ਸਿੱਖ ਵਿਅਕਤੀ ਚੁੱਪ ਕਰ ਗਏ। ਪਹਿਲਾਂ ਤਾਂ ਸ਼ਾਦੀ ਨੇ ਬੱਚੇ ਦੇ ਧਰਮ ਦਾ ਖਿਆਲ ਰੱਖਦੇ ਹੋਏ ਉਸ ਨੂੰ ਕਿਸੇ ਸਰਦਾਰ ਦੇ ਘਰ ਛੱਡਣਾ ਚਾਹਿਆ ਪਰ ਜਦੋਂ ਸਰਦਾਰ ਦੀ ਪਤਨੀ ਨਾ ਮੰਨੀ ਤਾਂ ਬੱਚੇ ਨੂੰ ਆਪਣੇ ਘਰ ਹੀ ਰੱਖ ਲਿਆ।

ਇੱਕ ਵਾਰ ਸ਼ਾਦੀ ਬੱਚੇ ਪ੍ਰੀਤਮ ਖਾਂ ਨੂੰ ਆਪਣੀ ਧੀ ਦੇ ਸਹੁਰੇ ਪਿੰਡ ਤੰਦੇ ਬੱਧੇ ਲੈ ਗਿਆ। ਉੱਥੇ ਸ਼ਾਦੀ ਦੇ ਜਵਾਈ ਨੇ ਅਤੇ ਬੱਚੇ ਪ੍ਰੀਤਮ ਖਾਂ ਨੇ ਇੱਕ ਦੁੂਜੇ ਨੂੰ ਪਛਾਣ ਲਿਆ ਕਿਉਂਕਿ ਸ਼ਾਦੀ ਦਾ ਜਵਾਈ ਅਤੇ ਪ੍ਰੀਤਮ ਖਾਂ ਦਾ ਵੱਡਾ ਭਰਾ ਪਟਿਆਲਾ ਜੇਲ੍ਹ ਵਿੱਚ ਇਕੱਠੇ ਰਹਿਣ ਕਾਰਨ ਪੱਗ ਵੱਟ ਭਰਾ ਬਣੇ ਹੋਏ ਸਨ। ਜਿਸ ਕਰਕੇ ਸ਼ਾਦੀ ਦੇ ਜਵਾਈ ਦਾ ਬੱਚੇ ਪ੍ਰੀਤਮ ਖਾਂ ਦੇ ਘਰ ਜਾਣਾ ਆਉਣਾ ਸੀ।

ਪ੍ਰੀਤਮ ਖਾਂ ਦੇ 8 ਭਰਾ ਅਤੇ 4 ਭੈਣਾਂ ਸਨ। ਸਭ ਤੋਂ ਵੱਡੀ ਭੈਣ ਪਾਇਲ ਵਿਆਹੀ ਹੋਈ ਸੀ। 2 ਭੈਣਾਂ ਇੱਧਰ ਹੀ ਅੱਖਾਂ ਮੀਟ ਗਈਆਂ। ਇੱਕ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਪਹੁੰਚ ਗਈ। ਉਸ ਦੇ 3 ਭਰਾ ਪਾਕਿਸਤਾਨ ਚਲੇ ਗਏ। ਇਸ ਸਮੇਂ ਪਾਕਿਸਤਾਨ ਵਿੱਚ ਬਜ਼ੁਰਗ ਪ੍ਰੀਤਮ ਖਾਂ ਦੇ 13 ਭਤੀਜੇ ਰਹਿੰਦੇ ਹਨ।

ਇੱਕ ਵਾਰ ਪ੍ਰੀਤਮ ਖਾਂ ਨਨਕਾਣਾ ਸਾਹਿਬ ਗਿਆ ਸੀ ਅਤੇ ਉਸ ਦਾ ਇੱਕ ਭਤੀਜਾ ਉਸ ਨੂੰ ਨਨਕਾਣਾ ਸਾਹਿਬ ਆ ਕੇ ਮਿਲਿਆ ਸੀ। ਅੱਜ ਵੀ ਬਜ਼ੁਰਗ ਪ੍ਰੀਤਮ ਖਾਂ ਦਾ ਆਪਣੇ ਸਬੰਧੀਆਂ ਨੂੰ ਮਿਲਣ ਨੂੰ ਦਿਲ ਕਰਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *