ਕਈ ਵਾਹਨ ਚਾਲਕ ਅਮਲ ਪਦਾਰਥ ਦੀ ਵਰਤੋਂ ਕਰਕੇ ਅਮਲ ਦੀ ਲੋਰ ਵਿੱਚ ਡਰਾਈਵਿੰਗ ਕਰਦੇ ਹਨ। ਜਿਸ ਨਾਲ ਉਹ ਸੜਕ ਹਾਦਸੇ ਦਾ ਕਾਰਨ ਬਣਦੇ ਹਨ। ਕਈ ਵਾਰ ਤਾਂ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ, ਜਿਸ ਨਾਲ ਸੁਣਨ ਵਾਲਾ ਧੁਰ ਅੰਦਰ ਤੱਕ ਕੰਬ ਜਾਂਦਾ ਹੈ।

ਮੱਧ ਪ੍ਰਦੇਸ਼ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 3 ਭੈਣ ਭਰਾਵਾਂ ਦੀ ਜਾਨ ਚਲੀ ਗਈ ਹੈ। ਜਦਕਿ ਚੌਥੇ ਮੈੰਬਰ ਅੰਸ਼ੂ ਯਾਦਵ ਨੂੰ ਗਵਾਲੀਅਰ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਦੀ ਉਮਰ 22 ਸਾਲ ਹੈ।

ਇਹ ਹਾਦਸਾ ਇੱਕ ਕਾਰ ਅਤੇ ਤੂੜੀ ਦੇ ਟਰੱਕ ਵਿਚਕਾਰ ਵਾਪਰਿਆ ਹੈ। ਮਿਰਤਕਾਂ ਦੀ ਪਛਾਣ ਰਿਸ਼ਵ ਸ਼ਰਮਾ, ਉਸ ਦੀ ਭੈਣ ਨੇਹਾ ਸ਼ਰਮਾ ਅਤੇ ਭਰਾ ਧੀਰਜ ਸ਼ਰਮਾ ਵਜੋਂ ਹੋਈ ਹੈ। ਰਿਸ਼ਵ ਸ਼ਰਮਾ ਦੀ ਉਮਰ 26 ਸਾਲ ਸੀ। ਉਹ ਕਿਰਾਏ ਤੇ ਲੈ ਕੇ ਕਾਰ ਚਲਾਉਂਦਾ ਸੀ।
ਅਜੇ ਇੱਕ ਮਹੀਨਾ ਪਹਿਲਾਂ ਹੀ 28 ਜਨਵਰੀ 2023 ਨੂੰ ਉਸ ਦਾ ਵਿਆਹ ਹੋਇਆ ਸੀ। ਨੇਹਾ ਸ਼ਰਮਾ ਦੀ ਉਮਰ 19 ਸਾਲ ਸੀ ਜਦਕਿ ਧੀਰਜ ਸ਼ਰਮਾ ਦੀ ਉਮਰ ਸਿਰਫ 17 ਸਾਲ ਸੀ। ਉਹ ਆਪਣੇ ਘਰ ਵਿੱਚ ਹੀ ਪਰਫਿਊਮ ਦੀ ਦੁਕਾਨ ਕਰਦਾ ਸੀ।

ਇਹ ਤਿੰਨੇ ਹੀ ਜੋਰਾ ਕਸਬੇ ਦੇ ਰਹਿਣ ਵਾਲੇ ਸਨ। ਹਾਦਸਾ ਵੀਰਵਾਰ ਸਵੇਰੇ 5-30 ਵਜੇ ਮੁਰੈਨਾ ਸੱਬਲਗੜ੍ਹ ਰੋਡ ਤੇ ਪੈੰਦੇ ਰਾਜੋਦਾ ਹਾਉਸ ਨੇੜੇ ਵਾਪਰਿਆ ਹੈ। ਜਦੋਂ ਚਾਰੇ ਕਾਰ ਸਵਾਰ ਗਵਾਲੀਅਰ ਤੋਂ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰ ਜੋਰਾ ਆ ਰਹੇ ਸਨ ਤਾਂ ਤੂੜੀ ਵਾਲੇ ਟਰੱਕ ਅਤੇ ਕਾਰ ਦੀ ਆਹਮੋ ਸਾਹਮਣੇ ਤੋਂ ਟੱਕਰ ਹੋ ਗਈ।
ਸਮਝਿਆ ਜਾਂਦਾ ਹੈ ਕਿ ਟਰੱਕ ਚਾਲਕ ਦਾਰੂ ਦੀ ਲੋਰ ਵਿੱਚ ਸੀ। ਜਿਸ ਕਰਕੇ ਟੱਕਰ ਤੋਂ ਬਾਅਦ ਵੀ ਉਸ ਨੇ ਟਰੱਕ ਨਹੀਂ ਰੋਕਿਆ। ਟਰੱਕ ਆਪਣੇ ਨਾਲ ਹੀ ਕਾਰ ਨੂੰ 25 ਮੀਟਰ ਤੱਕ ਘਸੀਟ ਕੇ ਲੈ ਗਿਆ ਅਤੇ ਫੇਰ ਬੇਕਾਬੂ ਹੋ ਕੇ ਕਾਰ ਉੱਤੇ ਹੀ ਪਲਟ ਗਿਆ। ਜਿਸ ਨਾਲ ਕਾਰ ਦਾ ਕਚੂਮਰ ਨਿਕਲ ਗਿਆ।
ਚਾਰੇ ਕਾਰ ਸਵਾਰਾਂ ਨੂੰ ਕਾਰ ਵਿੱਚੋਂ ਕੱਢ ਕੇ ਮੁਰੈਨਾ ਸਥਿਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਤਿੰਨੇ ਭੈਣ ਭਰਾਵਾਂ ਨੂੰ ਮਿਰਤਕ ਐਲਾਨ ਦਿੱਤਾ ਅਤੇ ਅੰਸ਼ੂ ਯਾਦਵ ਨੂੰ ਗਵਾਲੀਅਰ ਰੈਫਰ ਕਰ ਦਿੱਤਾ।
7 ਸਾਲ ਪਹਿਲਾਂ ਮਿਰਤਕਾਂ ਦਾ ਪਿਤਾ ਵੀ ਸਦੀਵੀ ਵਿਛੋੜਾ ਦੇ ਗਿਆ ਸੀ। ਇਨ੍ਹਾਂ ਦੀ ਮਾਂ ਹੋਸਟਲ ਵਿੱਚ ਸੁਪਰਡੈੰਟ ਹੈ। ਤਿੰਨੇ ਮਿਰਤਕ ਦੇਹਾਂ ਦਾ ਅੰਤਮ ਸਸਕਾਰ ਇਕੱਠੇ ਹੀ ਕੀਤਾ ਗਿਆ ਹੈ।