ਲਗਾਤਾਰ 5 ਦਿਨ ਚੌਈਥਰਾਮ ਹਸਪਤਾਲ ਵਿੱਚ ਭਰਤੀ ਰਹਿਣ ਮਗਰੋਂ ਇੰਦੌਰ ਦੇ ਬੀ ਐੱਨ ਫਾਰਮੇਸੀ ਕਾਲਜ ਦੀ ਪ੍ਰਿੰਸੀਪਲ ਵਿਮੁਕਤਾ ਸ਼ਰਮਾ ਨੇ ਸ਼ਨੀਵਾਰ ਦੀ ਸਵੇਰ 3-45 ਵਜੇ ਦਮ ਤੋੜ ਦਿੱਤਾ।

ਵਿਮੁਕਤਾ ਸ਼ਰਮਾ ਦੀ ਉਮਰ ਲਗਭਗ 55 ਸਾਲ ਸੀ। ਉਹ ਸੜ ਜਾਣ ਕਾਰਨ ਹਸਪਤਾਲ ਵਿੱਚ ਭਰਤੀ ਸਨ। ਕਾਲਜ ਦੇ ਇੱਕ ਪੁਰਾਣੇ ਵਿਦਿਆਰਥੀ ਆਸ਼ੂਤੋਸ਼ ਸ਼੍ਰੀਵਾਸਤਵ ਤੇ ਦੋਸ਼ ਲੱਗੇ ਹਨ ਕਿ ਉਸ ਨੇ ਹੀ ਪ੍ਰਿੰਸੀਪਲ ਵਿਮੁਕਤਾ ਸ਼ਰਮਾ ਤੇ ਪੈਟਰੋਲ ਪਾ ਕੇ ਉਨ੍ਹਾਂ ਨੂੰ ਸਾੜਿਆ ਹੈ।

ਉਨ੍ਹਾਂ ਦਾ ਸਰੀਰ 90 ਫੀਸਦੀ ਸੜ ਚੁੱਕਾ ਸੀ। ਆਸ਼ੂਤੋਸ਼ ਸ਼੍ਰੀਵਾਸਤਵ ਤੇ ਮਾਮਲਾ ਤਾਂ ਦਰਜ ਹੋ ਚੁੱਕਾ ਸੀ ਪਰ ਵਿਮੁਕਤਾ ਸ਼ਰਮਾ ਦੀ ਜਾਨ ਜਾਣ ਤੋਂ ਬਾਅਦ ਧਾਰਾ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਐਡੀਸ਼ਨਲ ਐੱਸ ਪੀ ਦੁਆਰਾ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਇੱਕ ਏ ਐੱਸ ਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਪ੍ਰਿੰਸੀਪਲ ਦੀ ਮਿ੍ਤਕ ਦੇਹ ਨੂੰ ਪਰਿਵਾਰ ਵਾਲੇ ਆਪਣੀ ਰਿਹਾਇਸ਼ ਤੇ ਅਨੰਦ ਨਗਰ ਲੈ ਗਏ।

ਅੰਤਮ ਸਸਕਾਰ ਸਮੇਂ ਧੀ ਨੇ ਆਪਣੀ ਮਾਂ ਦੀ ਅਰਥੀ ਨੂੰ ਮੋਢਾ ਦਿੱਤਾ। ਫੇਰ ਮਿਰਤਕਾ ਦੇ ਪਤੀ ਮਨੋਜ ਸ਼ਰਮਾ ਅਤੇ ਧੀ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿਖਾਈ। ਕਿਹਾ ਜਾ ਰਿਹਾ ਹੈ ਕਿ ਵਿਮੁਕਤਾ ਸ਼ਰਮਾ ਵਿਦਿਆਰਥੀਆਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਦੇ ਸਨ ਪਰ ਦੋਸ਼ੀ ਨੇ ਉਨ੍ਹਾਂ ਦੇ ਇਸ ਗੁਣ ਦੀ ਵੀ ਪਰਵਾਹ ਨਹੀਂ ਕੀਤੀ।

ਮੌਕੇ ਦੇ ਗਵਾਹ ਮੁਤਾਬਕ ਆਸ਼ੂਤੋਸ਼ ਨੇ ਵਿਮੁਕਤਾ ਸ਼ਰਮਾ ਤੇ ਬਾਲਟੀ ਨਾਲ ਪੈਟਰੋਲ ਪਾਇਆ ਸੀ। ਆਸ਼ੂਤੋਸ਼ ਨੇ ਜਿਸ ਪੈਟਰੋਲ ਪੰਪ ਤੋਂ ਬਾਈਕ ਵਿੱਚ ਪੈਟਰੋਲ ਪਵਾਇਆ ਸੀ ਅਤੇ ਜਿਸ ਜਨਰਲ ਸਟੋਰ ਤੋਂ ਬਾਲਟੀ ਖਰੀਦੀ ਸੀ, ਪੁਲਿਸ ਨੇ ਉਨ੍ਹਾ ਦੇ ਬਿਆਨ ਲੈ ਲਏ ਹਨ।

ਮਿਲੀ ਜਾਣਕਾਰੀ ਮੁਤਾਬਕ ਆਸ਼ੂਤੋਸ਼ ਫਾਰਮਾ ਦੀ ਮਾਰਕਸ਼ੀਟ ਲੈਣ ਲਈ ਆਇਆ ਸੀ। ਉਸ ਨੇ ਅਕਤੂਬਰ ਮਹੀਨੇ ਵਿੱਚ ਇੱਕ ਪ੍ਰੋਫੈਸਰ ਤੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ ਸੀ।

ਕਾਲਜ ਵੱਲੋਂ ਉਸ ਨੂੰ ਮਾਰਕਸ਼ੀਟ ਲਿਜਾਣ ਲਈ ਕਿਹਾ ਗਿਆ ਸੀ ਪਰ ਉਸ ਨੇ ਪਹਿਲਾਂ ਪ੍ਰੋਫੈਸਰ ਵਾਲਾ ਮਾਮਲਾ ਨਿਪਟਾਉਣ ਦੀ ਮੰਗ ਕੀਤੀ। ਫੇਰ ਉਸ ਨੇ ਪ੍ਰਿੰਸੀਪਲ ਤੇ ਹੀ ਪੈਟਰੋਲ ਪਾ ਕੇ ਉਨ੍ਹਾਂ ਨੂੰ ਸਾੜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।