ਸਭ ਤੋਂ ਸੋਹਣੀ ਪੰਜਾਬੀ ਜੋੜੀ, ਦੋਵਾਂ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ

ਮਨ ਦੇ ਜਿੱਤੇ ਜਿੱਤ ਹੈ, ਮਨ ਦੇ ਹਾਰੇ ਹਾਰ। ਜਿਸ ਇਨਸਾਨ ਨੇ ਢੇਰੀ ਢਾਹ ਦਿੱਤੀ, ਹੌਸਲਾ ਛੱਡ ਦਿੱਤਾ, ਉਹ ਇਨਸਾਨ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਦੁਜੇ ਪਾਸੇ ਜਿਹੜੇ ਵਿਅਕਤੀ ਹੌਸਲੇ ਬੁਲੰਦ ਰੱਖਦੇ ਹਨ, ਪਰਵਾਹ ਨਹੀਂ ਕਰਦੇ, ਸਫਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ। ਉਨ੍ਹਾਂ ਦੇ ਰਸਤੇ ਦੀਆਂ ਰੁਕਾਵਟਾਂ ਇੱਕ ਇੱਕ ਕਰਕੇ ਆਪਣੇ ਆਪ ਹੀ ਪਾਸੇ ਹਟਦੀਆਂ ਜਾਂਦੀਆਂ ਹਨ।

ਉਹ ਲੋਕ ਸਮਾਜ ਲਈ ਉਦਾਹਰਣ ਬਣ ਜਾਂਦੇ ਹਨ। ਇਸੇ ਲਈ ਤਾਂ ਕਹਿੰਦੇ ਹਨ, ਉੱਗਣ ਵਾਲੇ ਉੱਗ ਪੈੰਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਪਾਹਜ ਜੋੜੀ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿਨ੍ਹਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ।

ਇਹ ਦੋਵੇਂ ਹੀ ਤੁਰਨ ਫਿਰਨ ਤੋਂ ਅਸਮਰੱਥ ਹਨ ਪਰ ਇਨ੍ਹਾਂ ਦੇ ਹੌਸਲੇ ਬੁਲੰਦ ਹਨ। ਇਨ੍ਹਾਂ ਨੇ ਕਦੇ ਵੀ ਮਨ ਵਿੱਚ ਰੱਬ ਨਾਲ ਜਾਂ ਕੁਦਰਤ ਨਾਲ ਸ਼ਿਕਵਾ ਨਹੀਂ ਕੀਤਾ ਸਗੋਂ ਉਹ ਖੁਸ਼ ਹਨ ਕਿ ਕੁਦਰਤ ਨੇ ਉਨ੍ਹਾਂ ਨੂੰ ਹਾਲਾਤਾਂ ਦਾ ਟਾਕਰਾ ਕਰਨ ਦੀ ਹਿਮਤ ਬਖ਼ਸ਼ੀ ਹੈ। ਇਸ ਨੌਜਵਾਨ ਦੇ ਮਨ ਨੂੰ ਇਹ ਤਸੱਲੀ ਹੈ ਕਿ ਉਹ ਸਕੂਟਰੀ ਚਲਾ ਸਕਦਾ ਹੈ।

ਮੋਟਰ ਸਾਈਕਲ ਦੇ ਪਿੱਛੇ ਬੈਠ ਸਕਦਾ ਹੈ। ਉਹ ਹੌਲੀ ਹੌਲੀ ਇੱਕ ਥਾਂ ਤੋਂ ਦੂਜੀ ਥਾਂ ਇੱਧਰ ਉੱਧਰ ਹੋ ਸਕਦਾ ਹੈ ਜਦਕਿ ਕਈਆਂ ਨੂੰ ਤਾਂ ਚੁੱਕ ਕੇ ਇੱਧਰ ਉੱਧਰ ਕਰਨਾ ਪੈੰਦਾ ਹੈ। ਉਹ ਕਦੇ ਗੱਡੀ ਵਾਲਿਆਂ ਵੱਲ ਨਹੀਂ ਸਗੋਂ ਸਾਈਕਲ ਵਾਲਿਆਂ ਵੱਲ ਦੇਖਦੇ ਹਨ। ਜਿਸ ਕਰਕੇ ਮਨ ਵਿੱਚ ਕਦੇ ਸ਼ਿਕਵਾ ਪੈਦਾ ਨਹੀਂ ਹੁੰਦਾ।

ਉਨ੍ਹਾਂ ਦੇ ਵਿਆਹ ਵਿੱਚ ਕਈ ਮੁਹਤਬਰ ਹਸਤੀਆਂ ਸ਼ਾਮਲ ਹੋਈਆਂ। ਜਿਸ ਨਾਲ ਉਨ੍ਹਾਂ ਨੂੰ ਹੋਰ ਵੀ ਖੁਸ਼ੀ ਮਹਿਸੂਸ ਹੋਈ। ਸਾਬਕਾ ਐੱਮਐੱਲਏ ਹਰਚੰਦ ਕੌਰ ਘਨੌਰੀ ਕਲਾਂ ਵੀ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਲੜਕੀ ਬਿਲਾਸਪੁਰ ਦੀ ਰਹਿਣ ਵਾਲੀ ਹੈ। ਪਰਿਵਾਰ ਵਿੱਚ ਉਸ ਦੇ ਮਾਤਾ ਪਿਤਾ, 5 ਭੈਣਾਂ ਅਤੇ ਇੱਕ ਭਰਾ ਹੈ।

ਇਹ ਲੜਕੀ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ। ਉਸ ਦੇ ਚਿਹਰੇ ਦੀ ਮੁਸਕਰਾਹਟ ਦੱਸਦੀ ਹੈ ਕਿ ਉਹ ਹਾਲਾਤਾਂ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਦੀ ਹੈ। ਜਦੋਂ ਕੋਈ ਉਸ ਨੂੰ ਵਿਚਾਰੀ ਕਹਿੰਦਾ ਹੈ ਤਾਂ ਇਸ ਨਾਲ ਉਸ ਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਹੈ ਅਤੇ ਉਸ ਦੀ ਹਿੰਮਤ ਡੋਲਣ ਲੱਗਦੀ ਹੈ।

ਦੂਜੇ ਪਾਸੇ ਸਾਡੇ ਸਮਾਜ ਵਿੱਚ ਅਜਿਹੇ ਵਿਅਕਤੀ ਵੀ ਹਨ, ਜੋ ਆਨੇ ਬਹਾਨੇ ਦੂਜਿਆਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਸਾਨੂੰ ਇਸ ਜੋੜੀ ਤੋਂ ਸਿੱਖਣ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *