ਹਰ ਖੇਡ ਦੇ ਵਿਸ਼ੇਸ਼ ਨਿਯਮ ਹਨ। ਜਿਨ੍ਹਾਂ ਦੀ ਪਾਲਣਾ ਕਰਨਾ ਹਰ ਇੱਕ ਖਿਡਾਰੀ ਲਈ ਜ਼ਰੂਰੀ ਹੈ ਪਰ ਕਈ ਵਾਰ ਮਸਲਾ ਧਰਮ ਨਾਲ ਜੁੜ ਜਾਂਦਾ ਹੈ। ਆਮ ਤੌਰ ਤੇ ਪ੍ਰੀਖਿਆ ਦੇ ਦਿਨਾਂ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਦੋਂ ਪ੍ਰੀਖਿਆ ਦੌਰਾਨ ਬੱਚਿਆਂ ਦੇ ਧਾਰਮਿਕ ਚਿੰਨ੍ਹ ਉਤਾਰਨ ਦੀ ਗੱਲ ਤੁਰਦੀ ਹੈ।
ਇਹ ਮਾਮਲਾ ਸਪੇਨ ਦਾ ਹੈ। ਘਟਨਾ ਖੇਡ ਦੇ ਮੈਦਾਨ ਵਿੱਚ ਵਾਪਰੀ ਹੈ। ਜਿੱਥੇ ਇੱਕ ਖਿਡਾਰੀ ਗੁਰਪ੍ਰੀਤ ਸਿੰਘ ਦੇ ਪਟਕਾ ਬੰਨ੍ਹਿਆ ਹੋਣ ਕਾਰਨ ਮਾਮਲਾ ਤੂਲ ਫੜ ਗਿਆ। ਮਿਲੀ ਜਾਣਕਾਰੀ ਮੁਤਾਬਕ ਇੱਥੇ ਫੁਟਬਾਲ ਦਾ ਮੈਚ ਚੱਲ ਰਿਹਾ ਸੀ। ਜਿਸ ਵਿੱਚ 15 ਸਾਲਾ ਇੱਕ ਸਿੱਖ ਲੜਕਾ ਗੁਰਪ੍ਰੀਤ ਸਿੰਘ ਆਪਣੇ ਸਿਰ ਤੇ ਪਟਕਾ ਪਹਿਨ ਕੇ ਮੈਚ ਖੇਡ ਰਿਹਾ ਸੀ।
ਰੈਫਰੀ ਦੁਆਰਾ ਖਿਡਾਰੀ ਦੇ ਬੰਨ੍ਹੇ ਹੋਏ ਪਟਕੇ ਨੂੰ ਟੋਪੀ ਮੰਨੇ ਜਾਣ ਕਾਰਨ ਮਾਮਲਾ ਉਲਝ ਗਿਆ। ਰੈਫਰੀ ਦਾ ਮੰਨਣਾ ਸੀ ਕਿ ਖੇਡ ਦੇ ਨਿਯਮ ਪਟਕਾ ਬੰਨ੍ਹਣ ਦੀ ਆਗਿਆ ਨਹੀਂ ਦਿੰਦੇ। ਦੂਜੇ ਪਾਸੇ ਇਸ ਟੀਮ ਅਤੇ ਕੋਚ ਦੀ ਦਲੀਲ ਸੀ ਕਿ ਇਹ ਖਿਡਾਰੀ ਦੇ ਧਰਮ ਨਾਲ ਜੁੜਿਆ ਹੋਇਆ ਮਾਮਲਾ ਹੈ।
ਇਹ ਖਿਡਾਰੀ ਲਗਭਗ 5 ਸਾਲ ਤੋਂ ਸਿਰ ਤੇ ਪਟਕਾ ਪਹਿਨ ਕੇ ਮੇੈਚ ਖੇਡ ਰਿਹਾ ਹੈ। ਹੁਣ ਤੱਕ ਕਦੇ ਵੀ ਅਜਿਹੀ ਸਥਿਤੀ ਨਹੀਂ ਬਣੀ ਪਰ ਰੈਫਰੀ ਮੰਨਣ ਲਈ ਤੀਆਰ ਨਹੀਂ ਸੀ। ਰੈਫਰੀ ਵੱਲੋਂ ਤਾਂ ਪਟਕੇ ਨੂੰ ਟੋਪੀ ਦੱਸਿਆ ਜਾ ਰਿਹਾ ਸੀ। ਕਹਾਣੀ ਕਿਸੇ ਪਾਸੇ ਨਾ ਲੱਗਦੀ ਦੇਖ ਖਿਡਾਰੀ ਗੁਰਪ੍ਰੀਤ ਸਿੰਘ ਦੇ ਕੋਚ ਅਤੇ ਸਮੁੱਚੀ ਟੀਮ ਨੇ ਮੈਚ ਖੇਡਣ ਤੋਂ ਹੀ ਨਾਂਹ ਕਰ ਦਿੱਤੀ।
ਵੱਡੀ ਗਿਣਤੀ ਵਿੱਚ ਵਿਅਕਤੀ ਇਸ ਟੀਮ ਅਤੇ ਕੋਚ ਦੇ ਫੈਸਲੇ ਦੀ ਸਿਫਤ ਰਹੇ ਹਨ। ਕਈ ਵਾਰ ਇਸ ਤਰਾਂ ਦੇ ਹਾਲਾਤ ਬਣ ਜਾਂਦੇ ਹਨ ਕਿ ਕਈ ਯੋਗ ਖਿਡਾਰੀ ਖੇਡਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।