ਜੇਕਰ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਤਾਂ ਤੁਹਾਡੀ ਦੌਲਤ ਕਿਸੇ ਕੰਮ ਦੀ ਨਹੀਂ। ਇਹ ਵਿਚਾਰ ਹਨ ਜਾਨੀ ਲਿਵਰ ਦੇ। ਜਾਨੀ ਲਿਵਰ ਉਹ ਸ਼ਖਸ਼ ਹਨ, ਜਿਨ੍ਹਾਂ ਨੇ 350 ਤੋਂ ਵੀ ਵੱਧ ਫਿਲਮਾਂ ਵਿੱਚ ਕੰਮ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ ਹੈ। ਜੇਕਰ ਉਨ੍ਹਾਂ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਚਪਨ ਬਹੁਤ ਹੀ ਗਰੀਬੀ ਵਿੱਚੋਂ ਗੁਜ਼ਰਿਆ।
ਜਿਸ ਕਰਕੇ ਉਹ ਪੜ੍ਹਾਈ ਵੀ ਨਹੀਂ ਕਰ ਸਕੇ। ਜਾਨੀ ਲਿਵਰ ਦਾ ਜਨਮ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਕਾਸ਼ਮ ਵਿੱਚ ਹੋਇਆ। ਮਾਤਾ ਪਿਤਾ ਨੇ ਉਨ੍ਹਾਂ ਦਾ ਨਾਮ ਜੌਹਨ ਪ੍ਰਕਾਸ਼ ਰੱਖਿਆ। ਇਹ ਪਰਿਵਾਰ ਮੁੰਬਈ ਆ ਕੇ ਇੱਕ ਗਰੀਬ ਬਸਤੀ ਵਿੱਚ ਝੌਂਪੜੀ ਵਿੱਚ ਰਹਿਣ ਲੱਗਾ।
ਇਹ ਇਲਾਕਾ ਕਾਫੀ ਨੀਵਾਂ ਸੀ। ਜਿਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਇੱਥੇ ਪਾਣੀ ਭਰ ਜਾਂਦਾ ਸੀ। ਜੌਹਨ ਪ੍ਰਕਾਸ਼ ਰਾਓ ਮੰਜੇ ਉੱਤੇ ਚੜ੍ਹ ਕੇ ਬੈਠ ਜਾਂਦਾ ਅਤੇ ਉਸ ਦੇ ਮਾਤਾ ਪਿਤਾ ਬਾਲਟੀ ਨਾਲ ਝੌਂਪੜੀ ਵਿੱਚੋਂ ਪਾਣੀ ਕੱਢਦੇ ਰਹਿੰਦੇ।
ਇਸ ਸਮੇਂ ਬੱਚਾ ਜੌਹਨ ਪ੍ਰਕਾਸ਼ ਇੱਕ ਕੌਲੀ ਵਿੱਚ ਪਾਣੀ ਪਾ ਕੇ ਉਸ ਨਾਲ ਖੇਡਦਾ ਰਹਿੰਦਾ, ਕਦੇ ਪਾਣੀ ਨੂੰ ਫੜਨ ਦੀ ਕੋਸ਼ਿਸ਼ ਕਰਦਾ। ਇੱਥੋਂ ਹੀ ਉਸ ਦੇ ਬਾਲ ਮਨ ਵਿੱਚ ਕਲਾ ਦੀ ਚਿਣਗ ਜਾਗੀ। ਗਰੀਬੀ ਹੋਣ ਕਾਰਨ ਉਹ ਸਿਰਫ ਸੱਤਵੀਂ ਜਮਾਤ ਤੱਕ ਹੀ ਪੜ੍ਹ ਸਕੇ ਅਤੇ ਫੇਰ ਮੁੰਬਈ ਦੀਆਂ ਸੜਕਾਂ ਤੇ ਘੁੰਮ ਕੇ ਪੈੱਨ ਵੇਚਣ ਲੱਗੇ।
ਮੁੰਬਈ ਵਿੱਚ ਅਲੱਗ ਅਲੱਗ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਦੇਖ ਕੇ ਜੌਹਨ ਪ੍ਰਕਾਸ਼ ਇਨ੍ਹਾਂ ਦੀ ਮਿਮਿਕਰੀ ਕਰਨ ਲੱਗੇ। ਉਹ ਹਰ ਕਿਸੇ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ। 17 ਸਾਲ ਦੀ ਉਮਰ ਵਿੱਚ ਉਹ ਸਟੇਜ ਤੇ ਮਿਮਿਕਰੀ ਕਰਨ ਲੱਗ ਪਏ।
ਉਨ੍ਹਾਂ ਦੇ ਪਿਤਾ ਮੁੰਬਈ ਦੀ ‘ਹਿੰਦੁਸਤਾਨ ਲਿਵਰ’ ਫੈਕਟਰੀ ਵਿੱਚ ਕੰਮ ਕਰਦੇ ਸਨ। 18 ਸਾਲ ਦੀ ਉਮਰ ਹੋਣ ਤੇ ਉਨ੍ਹਾਂ ਨੇ ਜੌਹਨ ਪ੍ਰਕਾਸ਼ ਨੂੰ ਵੀ ਆਪਣੇ ਨਾਲ ਹੀ ਕੰਮ ਤੇ ਲਗਾ ਲਿਆ। ਇੱਥੇ ਵੀ ਉਹ ਹਰ ਕਿਸੇ ਦੀ ਨਕਲ ਕਰਦੇ ਸਨ। ਹੁਣ ਤਾਂ ਉਨ੍ਹਾਂ ਨੇ ਆਰਕੈਸਟਰਾ ਵਾਲਿਆਂ ਨਾਲ ਸਟੇਜ ਤੇ ਜਾਣਾ ਸ਼ੁਰੂ ਕਰ ਦਿੱਤਾ।
ਫੈਕਟਰੀ ਵਿੱਚ ਜੌਹਨ ਤੋਂ ‘ਜਾਨੀ’ ਅਤੇ ਫੈਕਟਰੀ ਦੇ ਨਾਮ ‘ਹਿਦੁਸਤਾਨ ਲਿਵਰ’ ਤੋਂ ‘ਲਿਵਰ’ ਲੈ ਕੇ ਉਨ੍ਹਾਂ ਦਾ ਨਾਮ ‘ਜਾਨੀ ਲਿਵਰ’ ਬਣ ਗਿਆ ਅਤੇ ਉਹ ਇਸੇ ਨਾਮ ਨਾਲ ਜਾਣੇ ਜਾਣ ਲੱਗੇ। ਉਨ੍ਹਾ ਦਾ ਵਿਆਹ ਸੁਜਾਤਾ ਨਾਮ ਦੀ ਲੜਕੀ ਨਾਲ ਹੋਇਆ। ਇਨ੍ਹਾਂ ਦੇ ਘਰ ਇੱਕ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ।
1993 ਵਿੱਚ ਉਨ੍ਹਾਂ ਨੂੰ ‘ਬਾਜ਼ੀਗਰ’ ਫਿਲਮ ਵਿੱਚ ਕੰਮ ਮਿਲਿਆ। ਇੱਕ ਵਾਰ ਜਾਨੀ ਲਿਵਰ ਨੂੰ ‘ਯੇਹ ਰਿਸ਼ਤਾ ਨਾ ਟੂਟੇ’ ਫਿਲਮ ਵਿੱਚ ਕੰਮ ਕਰਨ ਦੀ ਪੇਸ਼ਕਸ਼ ਹੋਈ। ਉਨ੍ਹਾਂ ਨੂੰ ਇੱਕ ਰਾਤ ਪਹਿਲਾਂ ਚੰਗੀ ਤਰਾਂ ਨੀਂਦ ਵੀ ਨਾ ਆਈ, ਕਿਉਂਕਿ ਉਹ ਕੈਮਰੇ ਦਾ ਸਾਹਮਣਾ ਕਰਨ ਤੋਂ ਝਿਜਕਦੇ ਸੀ।
ਉਨ੍ਹਾਂ ਨੇ ਸ਼ੂਟਿੰਗ ਵਾਲੇ ਸਥਾਨ ਤੋਂ ਟਰੇਨ ਰਾਹੀਂ ਭੱਜਣਾ ਵੀ ਚਾਹਿਆ। ਕਦੇ ਗਰੀਬ ਬਸਤੀ ਵਿੱਚ ਝੌੰਪੜੀ ਵਿੱਚ ਰਹਿਣ ਵਾਲੇ ਜਾਨੀ ਲਿਵਰ ਪੂਰੀ ਦੁਨੀਆਂ ਦੇਖ ਚੁੱਕੇ ਹਨ। ਉਨ੍ਹਾਂ ਨੂੰ ਗਲਤ ਆਦਤ ਪੈ ਗਈ। ਉਹ ਰੋਜ਼ਾਨਾ ਡੇਢ ਬੋਤਲ ਦਾਰੂ ਪੀਣ ਲੱਗੇ। ਕਈ ਕਈ ਪੈਕਟ ਸਿਗਰੇਟ ਪੀ ਜਾਂਦੇ।
ਇੱਕ ਵਾਰ ਉਨ੍ਹਾਂ ਦੇ ਪੁੱਤਰ ਨੂੰ ਕੈਂਸਰ ਹੋ ਗਿਆ। ਡਾਕਟਰਾਂ ਨੇ ਅਪ੍ਰੇਸ਼ਨ ਸ਼ੁਰੂ ਕਰਕੇ ਫੇਰ ਨਾਂਹ ਕਰ ਦਿੱਤੀ ਅਤੇ ਟਾਂਕੇ ਲਗਾ ਦਿੱਤੇ। ਡਾਕਟਰਾਂ ਦਾ ਖਿਆਲ ਸੀ ਕਿ ਬੱਚੇ ਦੀ ਜਾਨ ਜਾ ਸਕਦੀ ਹੈ। ਜਾਨੀ ਲਿਵਰ ਜੋਤਸ਼ੀਆਂ ਅਤੇ ਧਾਰਮਿਕ ਸਥਾਨਾਂ ਤੇ ਆਪਣੇ ਪੁੱਤਰ ਦੀ ਤੰਦਰੁਸਤੀ ਲਈ ਜਾਣ ਲੱਗੇ।
ਅਖੀਰ ਕਿਸੇ ਚਰਚ ਦੇ ਪਾਦਰੀ ਦੇ ਕਹਿਣ ਤੇ ਉਨ੍ਹਾਂ ਨੇ ਨਿਊਯਾਰਕ ਦੇ ਇੱਕ ਹਸਪਤਾਲ ਵਿੱਚ ਆਪਣੇ ਪੁੱਤਰ ਦਾ ਅਪ੍ਰੇਸ਼ਨ ਕਰਵਾਇਆ। ਜੋ ਸਫਲ ਰਿਹਾ। ਇੱਕ ਘੰਟੇ ਬਾਅਦ ਹੀ ਉਨ੍ਹਾਂ ਦਾ ਪੁੱਤਰ ਵੀਡੀਓ ਗੇਮ ਖੇਡਣ ਲੱਗਾ। ਜਾਨੀ ਲਿਵਰ ਨੇ ਭਗਵਾਨ ਦਾ ਧੰਨਵਾਦ ਕੀਤਾ। ਉਨਾਂ ਨੇ ਸਾਰੀਆਂ ਬੁਰੀਆਂ ਆਦਤਾਂ ਛੱਡ ਦਿੱਤੀਆਂ।