ਜਿਉਂ ਜਿਉਂ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਤਿਉਂ ਤਿਉਂ ਸੜਕ ਹਾਦਸਿਆਂ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਹਾਦਸਿਆਂ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਜ਼ਿਆਦਾਤਰ ਤੇਜ਼ ਰਫ਼ਤਾਰੀ ਹੀ ਹਾਦਸੇ ਦਾ ਕਾਰਨ ਬਣਦੀ ਹੈ।

ਉੱਤਰਾਖੰਡ ਦੇ ਨੈਸ਼ਨਲ ਹਾਈਵੇ 74 ਤੇ ਗਦਰਪੁਰ ਬਾਈਪਾਸ ਤੇ ਇੱਕ ਟਰੱਕ ਦੁਆਰਾ 14 ਸਾਲ ਦੇ ਇੱਕ ਲੜਕੇ ਨੂੰ ਦਰੜ ਦਿੱਤੇ ਜਾਣ ਕਾਰਨ ਲੜਕੇ ਦੀ ਜਾਨ ਚਲੀ ਗਈ। ਲੜਕਾ ਉਸ ਸਮੇਂ ਸੜਕ ਪਾਰ ਕਰ ਰਿਹਾ ਸੀ। ਜਿਸ ਪਿੱਛੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।

ਉਨ੍ਹਾਂ ਦੀ ਪੁਲਿਸ ਨਾਲ ਤੂੰ ਤੂੰ ਮੈਂ ਮੈਂ ਹੋਈ। ਮਿਰਤਕ ਲੜਕੇ ਦੀ ਉਮਰ 14 ਸਾਲ ਸੀ ਅਤੇ ਉਹ 3 ਭੈਣਾਂ ਦਾ ਇਕਲੌਤਾ ਭਰਾ ਸੀ। ਇਕੱਠੇ ਹੋਏ ਲੋਕਾਂ ਨੂੰ ਸ਼ਿਕਵਾ ਹੈ ਕਿ ਇੱਕ ਪਾਸੇ ਤਾਂ ਉਨ੍ਹਾਂ ਨੇ ਇਸ ਹਾਈਵੇ ਲਈ ਆਪਣੀਆਂ ਜ਼ਮੀਨਾਂ ਦਿੱਤੀਆਂ ਹਨ। ਦੂਜੇ ਪਾਸੇ ਹੁਣ ਉਨ੍ਹਾਂ ਦੇ ਹੀ ਬੱਚਿਆਂ ਨਾਲ ਹਾਦਸੇ ਹੋ ਰਹੇ ਹਨ।

ਇਸ ਹਾਦਸੇ ਤੋਂ ਪਹਿਲਾਂ ਵੀ 2 ਜਾਨਾਂ ਜਾ ਚੁੱਕੀਆਂ ਹਨ। ਇੱਥੋਂ ਵਾਹਨ ਬਹੁਤ ਹੀ ਤੇਜ਼ ਰਫ਼ਤਾਰ ਨਾਲ ਲੰਘਦੇ ਹਨ। ਇਹ ਲੋਕ ਚਾਹੁੰਦੇ ਹਨ ਕਿ ਪ੍ਰਸ਼ਾਸ਼ਨ ਵਾਹਨਾ ਦੀ ਰਫ਼ਤਾਰ ਦੀ ਸੀਮਾ ਨਿਸ਼ਚਿਤ ਕਰੇ। ਇਹ ਲੋਕ ਬੱਚੇ ਦੀ ਜਾਨ ਜਾਣ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਹਨ।

ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਉਨ੍ਹਾਂ ਨੇ ਹਾਈਵੇ ਜਾਮ ਕਰਨ ਦੀ ਗੱਲ ਆਖੀ। ਮੌਕੇ ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਮਿਰਤਕ ਦੇਹ ਹਸਪਤਾਲ ਵਿੱਚ ਰਖਵਾ ਦਿੱਤੀ ਹੈ। ਟਰੱਕ ਚਾਲਕ ਨੂੰ ਕਾਬੂ ਕਰਕੇ ਟਰੱਕ ਵੀ ਕਬਜ਼ੇ ਵਿੱਚ ਲੈ ਲਿਆ ਹੈ।