ਆਮ ਤੌਰ ਤੇ ਪੁਰਾਣੀਆਂ ਵਸਤੂਆਂ ਨਿਲਾਮੀ ਦੌਰਾਨ ਬਹੁਤ ਮਹਿੰਗੀਆਂ ਵਿਕਦੀਆਂ ਹਨ। ਕਈ ਵਾਰ ਪੁਰਾਣੀਆਂ ਪੇਂਟਿੰਗਾਂ, ਡਾਕ ਟਿਕਟਾਂ ਅਤੇ ਮੂਰਤੀਆਂ ਆਦਿ ਬਹੁਤ ਮਹਿੰਗੀ ਕੀਮਤ ਤੇ ਵਿਕਣ ਦੀਆਂ ਖਬਰਾਂ ਮੀਡੀਆ ਵਿੱਚ ਆਉਂਦੀਆਂ ਹਨ। ਕਈ ਵਾਰ ਤਾਂ ਇਹ ਕੀਮਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਪੜ੍ਹਨ ਸੁਣਨ ਵਾਲੇ ਨੂੰ ਯਕੀਨ ਨਹੀਂ ਆਉੰਦਾ।
‘ਓਲਡ ਇਜ਼ ਗੋਲਡ’ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਹੋਏ ਆਮ ਹੀ ਸੁਣਦੇ ਹਾਂ ਪਰ ਇਹ ਗੱਲ ਉਦੋੰ ਸੱਚੀ ਹੋ ਗਈ ਜਦੋਂ ਅਮਰੀਕਾ ਦੇ ਸ਼ਹਿਰ ਲਾਸ ਵੇਗਾਸੇ ਵਿੱਚ ਇੱਕ ਨਿਲਾਮੀ ਦੌਰਾਨ 115 ਸਾਲ ਪੁਰਾਣੀ ਬਾਈਕ ਦੀ ਜੋ ਕੀਮਤ ਲੱਗੀ, ਉਸ ਨੂੰ ਸੁਣ ਕੇ ਹਰ ਕੋਈ ਸੋਚੀਂ ਪੈ ਗਿਆ।
ਇਸ ਦੀ ਕੀਮਤ ਹਜ਼ਾਰਾਂ ਜਾਂ ਲੱਖਾਂ ਵਿੱਚ ਨਹੀਂ, ਸਗੋਂ ਆਮ ਆਦਮੀ ਦੀ ਸੋਚ ਤੋਂ ਹੀ ਪਰੇ ਦੀ ਗੱਲ ਹੈ। ਇਸ ਬਾਈਕ ਦੀ ਕੀਮਤ 9,35,000 ਅਮਰੀਕੀ ਡਾਲਰ ਲਗਾਈ ਗਈ। ਜੋ ਭਾਰਤੀ ਕਰੰਸੀ ਮੁਤਾਬਕ 7,73,17,020 ਰੁਪਏ ਬਣਦੇ ਹਨ। ਇਸ ਤਰਾਂ ਇਹ ਦੁਨੀਆਂ ਦੀ ਸਭ ਤੋਂ ਮਹਿੰਗੀ ਬਾਈਕ ਹੋ ਨਿੱਬੜੀ।
ਇਹ 1908 ਮਾਡਲ ਬਾਈਕ ਹੈ ਜੋ ਕਿ ਹਾਰਲੇ ਡੇਵਿਡਸਨ ਦਾ ਇੱਕ ਵਿੰਟੇਜ ਮਾਡਲ ਹੈ। ਮਿਲੀ ਜਾਣਕਾਰੀ ਮੁਤਾਬਕ 115 ਸਾਲ ਪਹਿਲਾਂ ਕੰਪਨੀ ਨੇ 1908 ਵਿੱਚ ਇਸ ਬਾਈਕ ਦੇ 450 ਯੂਨਿਟ ਤਿਆਰ ਕਰਵਾਏ ਸਨ। ਸਮਾਂ ਬੀਤਣ ਦੇ ਨਾਲ ਨਾਲ ਜ਼ਿਆਦਾਤਰ ਯੂਨਿਟ ਅਲੋਪ ਹੋ ਗਏ ਪਰ 12 ਯੂਨਿਟਾਂ ਦੇ ਅਜੇ ਵੀ ਕੰਮ ਕਰਨ ਦੇ ਯੋਗ ਹੋਣ ਦੀ ਖਬਰ ਹੈ।
ਇਸ ਬਾਈਕ ਬਾਰੇ ਕਿਹਾ ਜਾ ਰਿਹਾ ਹੈ ਕਿ 1941 ਵਿੱਚ ਇਸ ਬਾਈਕ ਨੂੰ ਡੇਵਿਡ ਓਹਲੇਨ ਨਾਮ ਦੇ ਵਿਅਕਤੀ ਨੇ ਖਰੀਦਿਆ ਸੀ। ਇਸ ਵਿਅਕਤੀ ਨੇ 66 ਸਾਲ ਤੱਕ ਇਸ ਬਾਈਕ ਦੀ ਵਰਤੋਂ ਕੀਤੀ। ਇਸ ਨਿਲਾਮੀ ਸਮੇਂ ਹੀ ਇੱਕ ਹੋਰ ਬਾਈਕ ਦੀ ਕੀਮਤ ਲਗਾਈ ਗਈ।
1907 ਮਾਡਲ ਇਹ ਸਟਰੈਪ ਟੈੰਕ ਬਾਈਕ 5.91 ਕਰੋੜ ਰੁਪਏ ਵਿੱਚ ਵਿਕੀ। ਇਸ ਨਿਲਾਮੀ ਦੌਰਾਨ ਵਿਕਣ ਵਾਲੀਆਂ ਇਨ੍ਹਾਂ ਦੋਵੇਂ ਬਾਈਕਸ ਨੂੰ ਅੱਜ ਵੀ ਲੋਕ ਵੱਡੀ ਗਿਣਤੀ ਵਿੱਚ ਪਸੰਦ ਕਰਦੇ ਹਨ।